ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
Tuesday, Jan 19, 2021 - 09:02 PM (IST)
ਕਿਸਾਨ ਅੰਦੋਲਨ ਦੇ ਸਮਰਥਨ ’ਚ ਸਿੰਘੂ ਸਰਹੱਦ ਤੋਂ ਸ਼ਿਮਲਾ ਪੁੱਜੇ 3 ਕਿਸਾਨ, ਪੁਲਸ ਨੇ ਲਏ ਹਿਰਾਸਤ ’ਚ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਹੁਣ ਸ਼ਿਮਲਾ ’ਚ ਵੀ ਵਿਖਾਈ ਦੇਣ ਲੱਗੀ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਿਮਲਾ ਦੇ ਰਿਜ ਮੈਦਾਨ ’ਤੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਸਿੰਘੂ ਸਰਹੱਦ ਤੋਂ ਪੁੱਜੇ 3 ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ।
ਬੁਕਲੇਟ ਜਾਰੀ ਕਰਨ ਤੋਂ ਬਾਅਦ ਬੋਲੇ ਰਾਹੁਲ- ਅੱਜ ਦੇਸ਼ ਦੇ 4-5 ਮਾਲਕ ਬਣ ਗਏ ਹਨ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ 'ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਇਸ ਦੌਰਾਨ 'ਖੇਤੀ ਕਾ ਖੂਨ' ਨਾਂ ਨਾਲ ਇਕ ਬੁਕਲੇਟ ਜਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੇਸ਼ 'ਚ ਅੱਜ 4-5 ਲੋਕ ਮਾਲਕ ਬਣ ਗਏ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਮੁੱਠੀ ਭਰ ਲੋਕਾਂ ਦਾ ਦੇਸ਼ ਦੀ ਅਰਥ ਵਿਵਸਥਾ 'ਤੇ ਕਬਜ਼ਾ ਹੋ ਰਿਹਾ ਹੈ।
ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਪੁਲਸ ਅੱਗੇ ਰੱਖਿਆ ‘ਰੋਡਮੈਪ’, ਭਲਕੇ ਮੁੜ ਹੋਵੇਗੀ ਬੈਠਕ
26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਨਾਲ ਸਿੰਘੂ ਸਰਹੱਦ ’ਤੇ ਅਹਿਮ ਬੈਠਕ ਹੋਈ। ਇਸ ਬੈਠਕ ’ਚ ਕਿਸਾਨਾਂ ਨੇ ਦਿੱਲੀ ਪੁਲਸ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਆਪਣਾ ਰੋਡਮੈਪ ਸੌਂਪਿਆ ਹੈ। ਇਸ ਰੋਡਮੈਂਪ ’ਚ ਕਿਸਾਨ ਆਗੂਆਂ ਨੇ ਮੁੱਖ ਗੱਲਾਂ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲ ’ਚ ਪਰੇਡ ਤੋਂ ਪਿੱਛੇ ਨਹੀਂ ਹੱਟਣਗੇ।
ਕਿਸਾਨੀ ਘੋਲ: 10ਵੇਂ ਗੇੜ ਦੀ ਬੈਠਕ ਟਲੀ, ਅੱਜ ਕਿਸਾਨ ਕਰਨਗੇ ਟਰੈਕਟਰ ਪਰੇਡ ਦੀ ‘ਰਿਹਰਸਲ’
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ ਯਾਨੀ ਕਿ ਮੰਗਲਵਾਰ ਨੂੰ 55ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਜਥੇਬੰਦੀਆਂ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਵਾਲੀਆਂ ਹਨ। ਉਸ ਤੋਂ ਪਹਿਲਾਂ ਕਿਸਾਨ ਅੱਜ ਟਰੈਕਟਰ ਪਰੇਡ ਦੀ ਰਿਹਰਸਲ ਕਰਨਗੇ।
‘ਐੱਨ. ਆਈ. ਏ. ਦੇ ਨੋਟਿਸਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ’ਚ ਵਿਰੋਧੀ ਸੁਰ’
ਲਗਭਗ ਡੇਢ ਮਹੀਨੇ ਤੋਂ ਦਿੱਲੀ ਬਾਰਡਰ ’ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਵਿਚ ਆਖਿਰਕਾਰ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਕੇਂਦਰ ਸਰਕਾਰ ਦੀ ਅੱਤਵਾਦੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੀ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਕਿਸਾਨ ਜਥੇਬੰਦੀਆਂ ਦੀ ਮਦਦ ਕਰ ਰਹੇ 40 ਦੇ ਕਰੀਬ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਸਬੰਧੀ ਭੇਜੇ ਗਏ ਨੋਟਿਸਾਂ ਤੋਂ ਬਾਅਦ ਇਹ ਹਾਲਾਤ ਬਣੇ ਹਨ। ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ, ਉਨ੍ਹਾਂ ਵਿਚ ਜ਼ਿਆਦਾਤਰ ਲੋਕ ਪੰਜਾਬ ਨਾਲ ਜੁੜੇ ਹਨ।