ਸਾਬਕਾ ਵਿਧਾਇਕ ਧਾਂਗੇਕਰ ਛੱਡਣਗੇ ਕਾਂਗਰਸ, ਸ਼ਿਵ ਸੈਨਾ ''ਚ ਸ਼ਾਮਲ ਹੋਣ ਦੇ ਸੰਕੇਤ
Monday, Mar 10, 2025 - 11:50 AM (IST)

ਪੁਣੇ- ਮਹਾਰਾਸ਼ਟਰ ਦੇ ਸਾਬਕਾ ਕਾਂਗਰਸ ਵਿਧਾਇਕ ਰਵਿੰਦਰ ਧਾਂਗੇਕਰ ਨੇ ਸੋਮਵਾਰ ਨੂੰ ਕਾਂਗਰਸ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਅਤੇ ਸੰਕੇਤ ਦਿੱਤਾ ਕਿ ਉਹ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ 'ਚ ਸ਼ਾਮਲ ਹੋ ਸਕਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ 2023 'ਚ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਕਸਬਾ ਵਿਧਾਨ ਸਭਾ ਸੀਟ ਦੀ ਉਪ ਚੋਣ ਜਿੱਤਣ ਵਾਲੇ ਧਾਂਗੇਕਰ ਸੱਤਾਧਾਰੀ ਸ਼ਿਵ ਸੈਨਾ 'ਚ ਸ਼ਾਮਲ ਹੋ ਸਕਦੇ ਹਨ। ਪਿਛਲੇ ਸਾਲ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਉਨ੍ਹਾਂ ਨੂੰ ਪੁਣੇ ਸੀਟ ਤੋਂ ਮੈਦਾਨ 'ਚ ਉਤਾਰਿਆ ਸੀ ਪਰ ਉਹ ਭਾਜਪਾ ਦੇ ਮੁਰਲੀਧਰ ਮੋਹੋਲ ਤੋਂ ਹਾਰ ਗਏ ਸਨ। ਇਸ ਤੋਂ ਬਾਅਦ ਸਾਲ 2024 ਦੀਆਂ ਰਾਜ ਵਿਧਾਨ ਸਭਾ ਚੋਣਾਂ 'ਚ ਵੀ ਉਨ੍ਹਾਂ ਨੇ ਕਸਬਾ ਸੀਟ ਤੋਂ ਚੋਣ ਲੜੀ ਪਰ ਇਸ ਵਾਰ ਭਾਜਪਾ ਦੇ ਹੇਮੰਤ ਰਾਸਨੇ ਨੇ ਉਨ੍ਹਾਂ ਨੂੰ ਹਰਾਇਆ। ਸਾਲ 2023 ਦੀਆਂ ਕਸਬਾ ਜ਼ਿਮਨੀ ਚੋਣਾਂ 'ਚ ਧਾਂਗੇਕਰ ਨੇ ਰਾਸਨੇ ਨੂੰ ਹਰਾਇਆ ਸੀ।
ਧਾਂਗੇਕਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕਰਨਗੇ ਅਤੇ ਉਸ ਤੋਂ ਬਾਅਦ ਸ਼ਿਵ ਸੈਨਾ 'ਚ ਸ਼ਾਮਲ ਹੋਣ ਬਾਰੇ ਅੰਤਿਮ ਫੈਸਲਾ ਲੈਣਗੇ। ਉਨ੍ਹਾਂ ਕਿਹਾ,"ਕਾਂਗਰਸ ਛੱਡਣਾ ਦੁਖਦਾਈ ਹੈ। ਸਾਰਿਆਂ ਨੇ ਚੋਣਾਂ 'ਚ ਮੇਰੇ ਲਈ ਸਖ਼ਤ ਮਿਹਨਤ ਕੀਤੀ ਪਰ ਮੇਰੇ ਸਮਰਥਕਾਂ ਅਤੇ ਵੋਟਰਾਂ ਦੀ ਭਾਵਨਾ ਇਹ ਹੈ ਕਿ ਮੈਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਜਿਸ ਨਾਲ (ਸ਼ਹਿਰ) ਇਲਾਕੇ 'ਚ ਵਿਕਾਸ ਕਾਰਜ ਹੋ ਸਕਣ।" ਉਨ੍ਹਾਂ ਕਿਹਾ ਕਿ ਹਾਲ ਹੀ 'ਚ ਉਹ ਸ਼ਿੰਦੇ ਅਤੇ ਸ਼ਿਵ ਸੈਨਾ ਦੇ ਮੰਤਰੀ ਉਦੈ ਸਾਮੰਤ ਨੂੰ ਮਿਲੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ,"ਸਾਡੇ ਸਮਰਥਕਾਂ ਅਤੇ ਵੋਟਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਾਨੂੰ ਸ਼ਿੰਦੇ ਨਾਲ ਕੰਮ ਕਰਨਾ ਚਾਹੀਦਾ ਹੈ। ਮੈਂ ਅੱਜ ਉਨ੍ਹਾਂ ਨੂੰ ਮਿਲਾਂਗਾ ਅਤੇ ਉਸ ਤੋਂ ਬਾਅਦ ਫੈਸਲਾ ਲਵਾਂਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8