15 ਤੋਂ 18 ਸਾਲ ਦੇ ਬੱਚਿਆਂ ਲਈ ਵੈਕਸੀਨੇਸ਼ਨ 3 ਜਨਵਰੀ ਤੋਂ ਹੋਵੇਗੀ ਸ਼ੁਰੂ: PM ਮੋਦੀ

Saturday, Dec 25, 2021 - 09:59 PM (IST)

15 ਤੋਂ 18 ਸਾਲ ਦੇ ਬੱਚਿਆਂ ਲਈ ਵੈਕਸੀਨੇਸ਼ਨ 3 ਜਨਵਰੀ ਤੋਂ ਹੋਵੇਗੀ ਸ਼ੁਰੂ: PM ਮੋਦੀ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਦੇਸ਼ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮਾਸਕ ਦਾ ਚੰਗੀ ਤਰ੍ਹਾਂ ਇਸਤੇਮਾਲ ਕਰੋ, ਲੋਕਾਂ ਤੋਂ ਦੂਰੀ ਬਣਾਏ ਰੱਖੋਂ ਅਤੇ ਹੱਥਾਂ ਨੂੰ ਸਮੇਂ ਸਮੇਂ 'ਤੇ ਸਾਫ ਕਰਦੇ ਰਹੋ। ਪੀ.ਐੱਮ. ਨੇ ਕਿਹਾ ਕਿ ਜਿਹੜੇ ਬੱਚੇ 15 ਤੋਂ 18 ਸਾਲ ਦੀ ਉਮਰ ਦੇ ਹਨ, ਉਨ੍ਹਾਂ ਲਈ ਹੁਣ ਦੇਸ਼ ਵਿੱਚ ਟੀਕਾਕਰਨ ਸ਼ੁਰੂ ਹੋ ਜਾਵੇਗਾ। ਇਸ ਨੂੰ ਅਗਲੇ ਸਾਲ 3 ਜਨਵਰੀ ਤੋਂ ਲਾਂਚ ਕੀਤਾ ਜਾਵੇਗਾ। ਦੇਸ਼ ਵਿੱਚ 10 ਜਨਵਰੀ ਤੋਂ ਬੂਸਟਰ ਡੋਜ਼ ਸ਼ੁਰੂ ਹੋਵੇਗੀ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ - ਪਾਕਿ ਜੇਲ੍ਹ ਤੋਂ 29 ਸਾਲ ਬਾਅਦ ਪਰਤੇ ਜੰਮੂ-ਕਸ਼ਮੀਰ ਦੇ ਸ਼ਖਸ ਦਾ ਗਰਮਜੋਸ਼ੀ ਨਾਲ ਸਵਾਗਤ

ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇਲਾਜ ਦੀ ਢੁੱਕਵੀਂ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ 1 ਲੱਖ 40 ਹਜ਼ਾਰ ਆਈ.ਸੀ.ਯੂ. ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੀ 61 ਫੀਸਦੀ ਬਾਲਗ ਆਬਾਦੀ ਨੂੰ ਵੈਕਸੀਨ ਦੀਆਂ ਦੋਵਾਂ ਖੁਰਾਕਾਂ ਮਿਲ ਚੁੱਕੀਆਂ ਹਨ। ਇਸ ਦੇ ਨਾਲ ਹੀ ਇਸ ਉਮਰ ਵਰਗ ਦੇ 90 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਇੱਕ ਖੁਰਾਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਹੀ ਸਾਨੂੰ ਇਸ ਸਮੱਸਿਆ ਤੋਂ ਬਚਾ ਸਕਦੀ ਹੈ। ਪੀ.ਐੱਮ ਮੋਦੀ ਨੇ ਕਿਹਾ ਕਿ ਜਦੋਂ ਦੂਰ-ਦੁਰਾਡੇ ਪਿੰਡਾਂ ਤੋਂ 100 ਫੀਸਦੀ ਵੈਕਸੀਨੇਸ਼ਨ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News