ਕਾਲੇ ਜਾਦੂ ਦੇ ਬਹਾਨੇ ਔਰਤ ਨਾਲ ਬਲਾਤਕਾਰ, ਵਿਅਕਤੀ ਗ੍ਰਿਫਤਾਰ

Saturday, Jul 27, 2024 - 09:29 PM (IST)

ਕਾਲੇ ਜਾਦੂ ਦੇ ਬਹਾਨੇ ਔਰਤ ਨਾਲ ਬਲਾਤਕਾਰ, ਵਿਅਕਤੀ ਗ੍ਰਿਫਤਾਰ

ਗੋਰਖਪੁਰ — ਗੋਰਖਪੁਰ ਦੇ ਰਾਮਗੜ੍ਹ ਤਾਲ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਭੂਤ ਕੱਢਣ ਅਤੇ ਕਾਲਾ ਜਾਦੂ ਕਰਨ ਦੇ ਬਹਾਨੇ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 45 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਥਾਣਾ ਇੰਚਾਰਜ ਚਿਤਵਨ ਕੁਮਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਖਜਨੀ ਥਾਣਾ ਖੇਤਰ ਦੇ ਪਿੰਡ ਬਰੋਹੀਆ ਵਾਸੀ ਦਿਨੇਸ਼ ਚੌਰਸੀਆ ਵਜੋਂ ਹੋਈ ਹੈ, ਉਸ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਉਸ ਨੇ ਦੱਸਿਆ ਕਿ ਦਿਨੇਸ਼ ਚੌਰਸੀਆ ਨੇ ਕਾਲੇ ਜਾਦੂ ਰਾਹੀਂ ਘਰੇਲੂ ਸਮੱਸਿਆਵਾਂ ਅਤੇ ਬੀਮਾਰੀਆਂ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਸੀ, ਜਿਸ 'ਤੇ ਤਾਰਾਮੰਡਲ ਇਲਾਕੇ (ਗੋਰਖਪੁਰ) ਦੀ ਇਕ ਔਰਤ ਨੇ ਉਸ ਨੂੰ ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਆਪਣੇ ਘਰ ਬੁਲਾਇਆ।

ਪੁਲਸ ਅਨੁਸਾਰ ਘਟਨਾ ਵਾਲੇ ਦਿਨ ਜਦੋਂ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ ਤਾਂ ਦਿਨੇਸ਼ ਨੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਔਰਤ ਨੂੰ ਮਠਿਆਈ ਦੇ ਕੇ ਨਸ਼ੀਲਾ ਪਦਾਰਥ ਖੁਆਇਆ ਅਤੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਔਰਤ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਵੀਰਵਾਰ ਨੂੰ ਚੌਰਸੀਆ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।


 


author

Inder Prajapati

Content Editor

Related News