ਰਣਥੰਬੌਰ ''ਚ ਟਾਈਗਰ ਨੇ ਨੌਜਵਾਨ 'ਤੇ ਕੀਤਾ ਅਟੈਕ, 20 ਮੀਟਰ ਤੱਕ ਲੈ ਗਿਆ ਘੜੀਸਦਾ
Thursday, Jun 29, 2017 - 05:56 PM (IST)
ਰਣਥੰਬੌਰ—ਰਾਜਸਥਾਨ ਦੇ ਰਣਥੰਬੌਰ ਟਾਈਗਰ ਨੈਸ਼ਨਲ ਰਿਜ਼ਰਵ 'ਚ ਇਕ ਟਾਈਗਰ ਨੇ ਇਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਸ਼ਾਮ ਨੂੰ ਖੰਡਾਰ ਰੇਂਜ ਨਾਲ ਲੱਗਦੇ ਬਾਢਪੁਰਾ ਬੈਰਣਾ ਪਿੰਡ 'ਚ ਖੇਤ 'ਚ ਕੰਮ ਕਰ ਰਹੇ ਨੌਜਵਾਨ ਬਦਰੀਲਾਲ 'ਤੇ ਟਾਈਗਰ ਨੇ ਅਚਾਨਕ ਅਟੈਕ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਨੌਜਵਾਨ ਨੂੰ ਖੰਡਾਰ ਸੀ.ਐਚ.ਸੀ. 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਇਲਾਜ ਦੇ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਜ਼ਿਲਾ ਹਸਪਤਾਲ ਤਬਦੀਲ ਕਰ ਦਿੱਤਾ ਗਿਆ। ਅਜੇ ਉਸ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਾਈਗਰ ਨੇ ਅਚਾਨਕ ਹੀ ਹਮਲਾ ਕੀਤਾ, ਜਿਸ ਨਾਲ ਬਦਰੀਨਾਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਟਾਈਗਰ ਉਸ ਨੂੰ ਕਰੀਬ 20 ਮੀਟਰ ਤੱਕ ਘੜੀਸਦਾ ਹੋਇਆ ਜੰਗਲ ਅੰਦਰ ਲੈ ਗਿਆ। ਬਦਰੀਨਾਥ ਦੀਆਂ ਚੀਕਾਂ ਸੁਣ ਕੇ ਖੇਤਾਂ 'ਚ ਕੰਮ ਕਰ ਰਹੇ ਲੋਕ ਭੱਜ ਕੇ ਆਏ ਅਤੇ ਕਿਸੇ ਤਰ੍ਹਾਂ ਬਦਰੀਨਾਥ ਨੂੰ ਬਚਾਇਆ। ਲੋਕਾਂ ਦੀ ਭੀੜ ਦੇਖ ਕੇ ਟਾਈਗਰ ਜੰਗਲ ਵੱਲ ਭੱਜ ਗਿਆ।
ਉੱਥੇ ਇਸ ਮਾਮਲੇ 'ਚ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਢਪੁਰ ਇਲਾਕੇ 'ਚ ਤਿੰਨ ਤੋਂ ਚਾਰ ਟਾਈਗਰ ਦੀ ਮੂਵਮੈਂਟ ਦੇਖਣ ਨੂੰ ਮਿਲੀ ਹੈ। ਜੰਗਲ ਵਿਭਾਗ ਦੀ ਟੀਮ ਵੱਲੋਂ ਹਮਲਾ ਕਰਨ ਵਾਲੇ ਟਾਈਗਰ ਦੀ ਪਛਾਣ ਕੀਤੀ ਜਾ ਰਹੀ ਹੈ। ਰਣਥੰਬੌਰ ਨਾਲ ਲੱਗਦੇ ਪਿੰਡਾਂ 'ਚ ਇਨਸਾਨਾਂ 'ਤੇ ਟਾਈਗਰਾਂ ਦੇ ਵਧਦੇ ਹਮਲੇ ਨੂੰ ਲੈ ਕੇ ਕਾਂਗਰਸੀ ਨੇਤਾ ਗੋਵਿੰਦ ਸ਼ੁਕਲਾ ਨੇ ਸੂਬਾ ਸਰਕਾਰ ਨੂੰ ਜ਼ਖਮੀ ਬਦਰੀਨਾਥ ਨੂੰ ਉੱਚਿਤ ਮੁਆਵਜ਼ਾ ਦੇਣ ਦੇ ਨਾਲ ਹੀ ਪਾਰਕ ਖੇਤਰ ਦੀ ਦੀਵਾਰ ਦੀ ਉੱਚਾਈ ਵਧਾਉਣ ਅਤੇ ਕਿਸਾਨਾਂ ਨੂੰ ਖੇਤਾਂ 'ਚ ਤਾਰ ਫੇਸਿੰਗ ਕਰਨ ਲਈ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਕਿਹਾ ਜਾਂਦਾ ਹੈ ਕਿ ਇਸ ਵਾਰ ਸਰਕਾਰ ਨੇ ਬਰਸਾਤ ਦੌਰਾਨ ਵੀ ਰਣਥੰਬੌਰ ਟਾਈਗਰ ਰਿਜ਼ਰਵ ਨੂੰ ਟੂਰਿਸਟਾਂ ਲਈ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ, ਜਿਸ ਨੂੰ ਲੈ ਕੇ ਟਾਈਗਰ ਪ੍ਰੇਮੀ ਵਿਰੋਧ ਕਰ ਰਹੇ ਹਨ।