ਪੂਰੀ ਸੁਰੱਖਿਆ ਨਾ ਹੋਣ ਕਾਰਨ ਹੋਈ ਥੱਪੜ ਮਾਰਨ ਦੀ ਕੋਸ਼ਿਸ਼ : ਅਠਾਵਲੇ

12/09/2018 1:31:38 PM

ਮੁੰਬਈ— ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਇਕ ਜਨਤਕ ਪ੍ਰੋਗਰਾਮ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਦੀ ਘਟਨਾ ਲਈ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਉੱਚਿਤ ਸੁਰੱਖਿਆ ਮੁਹੱਈਆ ਕਰਵਾਉਣ 'ਚ ਅਸਫ਼ਲ ਰਹੀ। ਠਾਣੇ ਜ਼ਿਲੇ ਦੇ ਅੰਬਰਨਾਥ 'ਚ ਸ਼ਨੀਵਾਰ ਦੀ ਰਾਤ ਆਰ.ਪੀ.ਆਈ (ਅਠਾਵਲੇ) ਦੇ ਪ੍ਰਮੁੱਖ ਨੂੰ ਪ੍ਰਵੀਨ ਗੋਸਾਵੀ ਨਾਂ ਦੇ ਵਿਅਕਤੀ ਨੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਐਤਵਾਰ ਦੀ ਸਵੇਰ ਜਾਰੀ ਕੀਤੇ ਗਏ ਬਿਆਨ 'ਚ ਅਠਾਵਲੇ ਨੇ ਕਿਹਾ,''ਪੁਲਸ ਨੇ ਉੱਚਿਤ ਸੁਰੱਖਿਆ ਮੁਹੱਈਆ ਨਹੀਂ ਕਰਵਾਈ, ਜਿਸ ਨਾਲ ਹਮਲਾਵਰ ਨੂੰ ਮੈਨੂੰ ਨਿਸ਼ਾਨਾ ਬਣਾਉਣ 'ਚ ਮਦਦ ਮਿਲੀ। ਮੇਰੀ ਲੋਕਪ੍ਰਿਯਤਾ ਵਧ ਰਹੀ ਹੈ ਅਤੇ ਇਸ ਲਈ ਸ਼ਾਇਦ ਈਰਖਾਲੂ ਵਿਅਕਤੀ ਨੇ ਮੈਨੂੰ ਨਿਸ਼ਾਨਾ ਬਣਾਇਆ। ਮੈਂ ਇਸ ਸਿਲਸਿਲੇ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਂਗਾ।'' ਘਟਨਾ ਰਾਤ ਕਰੀਬ 10.15 ਵਜੇ ਉਸ ਸਮੇਂ ਹੋਈ ਜਦੋਂ ਅਠਾਵਲੇ ਸੰਵਿਧਾਨ 'ਤੇ ਭਾਸ਼ਣ ਦੇਣ ਤੋਂ ਬਾਅਦ ਮੰਚ ਤੋਂ ਉਤਰ ਰਹੇ ਸਨ।

ਇਸ ਸੰਬੰਧ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਰਾਜ ਮੰਤਰੀ ਨੂੰ ਕੋਈ ਸੱਟ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨਾਲ ਖੜ੍ਹੇ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਗੋਸਾਵੀ ਦੀ ਮੰਸ਼ਾ ਨੂੰ ਸਫ਼ਲ ਨਹੀਂ ਹੋਣ ਦਿੱਤਾ। ਘਟਨਾ ਦੇ ਮੱਦੇਨਜ਼ਰ ਅਠਾਵਲੇ ਨੇ ਐਤਵਾਰ ਦੀ ਸਵੇਰ ਆਪਣੇ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਸਥਾਨਕ ਆਰ.ਪੀ.ਆਈ. (ਏ) ਇਕਾਈ ਨੇ ਘਟਨਾ ਦੇ ਵਿਰੋਧ 'ਚ ਐਤਵਾਰ ਨੂੰ ਅੰਬਰਨਾਥ ਬੰਦ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਸਥਿਤੀ ਸ਼ਾਂਤ ਹੈ ਅਤੇ ਨਿਗਰਾਨੀ ਰੱਖਣ ਲਈ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਹਨ। ਸਵੇਰ ਤੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਖਬਰ ਨਹੀਂ ਹੈ।


Related News