ਜੇਲ ਦੇ ਹਾਲਾਤ ''ਚ ਰਹਿਣਾ ਸਿੱਖੇ ਰਾਮ ਰਹੀਮ ਤੇ ਹਨੀਪ੍ਰੀਤ, ਇਸ ਤਰ੍ਹਾਂ ਕੱਟ ਰਹੇ ਨੇ ਸਜ਼ਾ
Sunday, Apr 15, 2018 - 07:17 PM (IST)

ਚੰਡੀਗੜ੍ਹ/ਹਰਿਆਣਾ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਅਤੇ ਉਸ ਦੀ ਮੂੰਹਬੋਲੀ ਧੀ ਹਨੀਪ੍ਰੀਤ ਹੋਲੀ-ਹੋਲੀ ਸਲਾਖਾਂ ਦੇ ਪਿੱਛੇ ਦੀ ਜ਼ਿੰਦਗੀ ਦੇ ਆਦੀ ਹੋਣ ਲੱਗ ਪਏ ਹਨ।
ਸੂਤਰਾਂ ਮੁਤਾਬਕ ਹਨੀਪ੍ਰੀਤ ਸ਼ੁਰੂ ਤੋਂ ਜ਼ੇਲ ਦੇ ਖਾਣੇ 'ਚ ਕਮੀਆਂ ਕੱਢਦੀਆਂ ਰਹਿੰਦੀ ਸੀ ਪਰ ਹੁਣ ਉਸ ਨੇ ਜੇਲ ਦੇ ਭੋਜਨ ਨੂੰ ਸਵੀਕਾਰ ਕਰ ਲਿਆ ਹੈ, ਦੋਸ਼ ਲਗਾਏ ਜਾ ਰਹੇ ਸਨ ਕਿ ਜੇਲ ਦੇ ਸਟਾਫ ਨੇ ਉਸ ਨੂੰ ਘਰ ਦਾ ਭੋਜਨ ਖਾਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਮੀਡੀਆ 'ਚ ਖਬਰਾਂ ਆਉਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕ ਦਿੱਤਾ ਗਿਆ।
ਇਕ ਹੋਰ ਸੂਤਰ ਨੇ ਦਾਅਵਾ ਕੀਤਾ ਕਿ ਹਨੀਪ੍ਰੀਤ ਜੇਲ 'ਚ ਇੱਕਲੀ ਰਹਿਣਾ ਪਸੰਦ ਕਰਦੀ ਹੈ ਅਤੇ ਸਾਥੀ ਕੈਦੀਆਂ ਨਾਲ ਬਹੁਤ ਘੱਟ ਗੱਲ ਕਰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਖੁਸ਼ ਹੁੰਦੀ ਹੈ, ਜਦੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਮਿਲਣ ਆਉਂਦੇ ਹਨ।
ਦੱਸ ਦਈਏ ਕਿ ਹਨੀਪ੍ਰੀਤ ਦਾ ਮਾਮਲਾ ਅਜੇ ਅੰਡਰਟ੍ਰਾਇਲ 'ਚ ਹੈ, ਇਸ ਲਈ ਉਸ ਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। ਅਦਾਲਤ 'ਚ ਪੇਸ਼ੀ ਦੌਰਾਨ ਹਨੀਪ੍ਰੀਤ ਨੂੰ ਡਿਜ਼ਾਈਨਰ ਸੂਟ ਪਾਏ ਹੋਏ ਦੇਖਿਆ ਗਿਆ ਹੈ, ਹਰ ਵਾਰ ਅਦਾਲਤ 'ਚ ਪੇਸ਼ੀ ਦੌਰਾਨ ਉਹ ਵੱਖਰੇ-ਵੱਖਰੇ ਕੱਪੜਿਆਂ 'ਚ ਦਿਸਦੀ ਰਹੀ ਹੈ।
ਰਾਮ ਰਹੀਮ ਦਾ ਹਾਲ
ਜਿਥੇ ਹਨੀਪ੍ਰੀਤ ਨੇ ਜੇਲ ਦੇ ਹਾਲਾਤ 'ਚ ਰਹਿਣਾ ਸਵੀਕਾਰ ਕਰ ਲਿਆ ਹੈ ਉਥੇ ਹੀ ਗੁਰਮੀਤ ਰਾਮ ਰਹੀਮ ਨੂੰ ਜੇਲ 'ਚ ਅਨੁਸ਼ਾਸਿਤ ਅਤੇ ਚੰਗੇ ਵਿਵਹਾਰ ਵਾਲੇ ਕੈਦੀਆਂ ਦੇ ਰੂਪ 'ਚ ਦੇਖਿਆ ਜਾਂਦਾ ਹੈ। ਉਸ ਨਾਲ ਜੇਲ 'ਚ ਇਕ ਮਜ਼ਦੂਰ ਵਰਗਾਂ ਵਿਵਹਾਰ ਕੀਤਾ ਜਾਂਦਾ ਹੈ ਅਤੇ ਹਰ ਰੋਜ਼ ਉਸ ਨੂੰ ਉਸ ਦੀ ਮਜ਼ਦੂਰੀ ਦੇ 20 ਰੁਪਏ ਤਨਖਾਹ ਦੇ ਰੂਪ 'ਚ ਮਿਲਦੇ ਹਨ। ਰਾਮ ਰਹੀਮ ਅਜੇ ਜੇਲ ਦੇ ਕਿਚਨ ਗਾਰਡਨ 'ਚ ਸਬਜ਼ੀਆਂ ਉਗਾਉਣ ਦਾ ਕੰਮ ਕਰਦਾ ਹੈ।
ਇਕ ਕੈਦੀ ਦੇ ਰੂਪ 'ਚ ਰਾਮ ਰਹੀਮ ਸਿਰਫ ਜੇਲ ਦੇ ਕੱਪੜੇ ਹੀ ਪਾ ਸਕਦਾ ਹੈ। ਜਿਸ 'ਚ ਸਫੇਦ ਕੁਰਤਾ- ਪਜਾਮਾ ਸ਼ਾਮਲ ਹੈ। ਪਿਛਲੇ 8 ਮਹੀਨਿਆਂ 'ਚ ਉਸ ਦੀ ਦਾੜੀ ਅਤੇ ਬਾਲ ਵੀ ਭੂਰੇ ਹੋ ਗਏ ਹਨ, ਹਾਲ ਹੀ 'ਚ ਉਸ ਦੀ ਮਾਂ, ਪਤਨੀ ਅਤੇ ਪੁੱਤਰ ਉਸ ਨੂੰ ਮਿਲਣ ਵੀ ਆਏ ਸਨ।
ਦੱਸਣਯੋਗ ਹੈ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ 'ਚ, ਜਦਕਿ ਹਨੀਪ੍ਰੀਤ ਅੰਬਾਲਾ ਦੀ ਸੈਂਟਰਲ ਜੇਲ 'ਚ ਕ੍ਰਮਵਾਰ ਅਗਸਤ ਅਤੇ ਅਕਤੂਬਰ 2017 ਤੋਂ ਸਜ਼ਾ ਕੱਟ ਰਹੀ ਹੈ।
ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਿਹਾ ਹੈ, ਜਦਕਿ ਹਨੀਪ੍ਰੀਤ ਨੂੰ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।