ਰਾਮ ਮੰਦਰ ਟਰੱਸਟ ਦਾ ਖ਼ੁਲਾਸਾ; ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ''ਤੇ ਖ਼ਰਚ ਹੋਏ 113 ਕਰੋੜ ਰੁਪਏ
Monday, Aug 26, 2024 - 01:00 PM (IST)
ਅਯੁੱਧਿਆ- ਅਯੁੱਧਿਆ ਵਿਚ ਸ਼੍ਰੀਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਜੁੜੇ ਆਯੋਜਨ ਵਿਚ 113 ਕਰੋੜ ਰੁਪਏ ਖ਼ਰਚ ਕੀਤੇ ਗਏ ਇਸ ਨਾਲ ਜੁੜੇ ਅੰਕੜੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਾਰੀ ਕੀਤੇ ਹਨ। ਦੱਸ ਦੇਈਏ ਕਿ ਰਾਮ ਨਗਰੀ ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਸੀ। ਇਸ ਦੇ ਨਾਲ ਹੀ ਰਾਮ ਮੰਦਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।
ਅਯੁੱਧਿਆ 'ਚ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ 16 ਜਨਵਰੀ ਤੋਂ ਮੰਦਰ ਦੇ ਕੰਪਲੈਕਸ 'ਚ ਰਸਮਾਂ ਸ਼ੁਰੂ ਹੋ ਗਈਆਂ ਸਨ। ਲਕਸ਼ਮੀਕਾਂਤ ਦੀਕਸ਼ਿਤ ਅਤੇ ਗਣੇਸ਼ਵਰ ਸ਼ਾਸਤਰੀ ਦ੍ਰਾਵਿੜ ਦੀ ਅਗਵਾਈ ਵਿਚ ਦੱਖਣ ਭਾਰਤ ਸਮੇਤ ਦਿੱਲੀ, ਕਾਸ਼ੀ ਅਤੇ ਅਯੁੱਧਿਆ ਦੇ 100 ਤੋਂ ਵੱਧ ਪ੍ਰਮੁੱਖ ਵਿਦਵਾਨਾਂ ਨੇ ਇਕ ਹਫ਼ਤੇ ਤੱਕ ਰਸਮਾਂ ਕੀਤੀਆਂ। ਜਦੋਂ ਕਿ 22 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੇਜ਼ਬਾਨ ਵਜੋਂ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।
ਸਮਾਗਮਾਂ ਬਾਰੇ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ 113 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ 'ਚ ਸਥਾਈ ਸ਼ੈੱਡ ਤੇ ਟੈਂਟ ਸਿਟੀ 'ਤੇ 35.97 ਕਰੋੜ ਰੁਪਏ, ਅਕਸ਼ਤ ਪੂਜਾ ਪ੍ਰੋਗਰਾਮ 'ਤੇ 30.85 ਕਰੋੜ ਰੁਪਏ, ਇਸ਼ਤਿਹਾਰਬਾਜ਼ੀ 'ਤੇ 21.77 ਕਰੋੜ ਰੁਪਏ, ਸਜਾਵਟ 'ਤੇ 14.62 ਕਰੋੜ ਰੁਪਏ, ਲਾਈਟਿੰਗ 'ਤੇ 14.62 ਕਰੋੜ ਰੁਪਏ, ਭੋਜਨ 'ਤੇ 5.11 ਕਰੋੜ ਰੁਪਏ, ਪੂਜਾ ਪਾਠ 'ਤੇ 1.06 ਕਰੋੜ ਰੁਪਏ, ਰਾਗ ਸੇਵਾ 'ਤੇ 93 ਲੱਖ ਰੁਪਏ, ਲਾਊਡ ਸਪੀਕਰ 'ਤੇ 68 ਲੱਖ ਰੁਪਏ, ਬਿਜਲੀ ਵਿਵਸਥਾ 'ਤੇ 43 ਲੱਖ ਰੁਪਏ, ਮੰਡਲ ਪੂਜਾ 'ਤੇ 43 ਲੱਖ ਰੁਪਏ, ਟਰਾਂਸਪੋਰਟ ਪ੍ਰਬੰਧਾਂ 'ਤੇ 43 ਲੱਖ, ਹੋਰ ਤਿਆਰੀਆਂ 'ਤੇ 51 ਲੱਖ ਰੁਪਏ ਜਦਕਿ 8 ਲੱਖ ਰੁਪਏ ਦਫ਼ਤਰੀ ਪ੍ਰਬੰਧਾਂ 'ਤੇ ਖਰਚ ਕੀਤੇ ਗਏ।