ਮਰ ਕੇ ਵੀ ਅਮਰ ਹੋ ਗਿਆ 81 ਸਾਲਾ ਸੀਤਾ ਰਾਮ ! ਮੈਡੀਕਲ ਦੀ ਪੜ੍ਹਾਈ ਲਈ ਆਪਣਾ ਸਰੀਰ ਕਰ''ਤਾ ਦਾਨ
Saturday, Mar 07, 2026 - 04:35 PM (IST)
ਨਾਦੌਨ- ਹਿਮਾਚਲ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਨਾਦੌਨ 'ਚ ਕੋਹਲਾ ਪਿੰਡ ਵਾਸੀ 81 ਸਾਲਾ ਸੀਤਾ ਰਾਮ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸਰੀਰ ਡਾ. ਰਾਧਾਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਹਮੀਰਪੁਰ ਨੂੰ ਦਾਨ ਕਰ ਦਿੱਤਾ। ਸੀਤਾ ਰਾਮ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ 'ਚ ਹੀ ਇਹ ਇੱਛਾ ਜਤਾਈ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਕਾਲਜ ਨੂੰ ਦੇ ਦਿੱਤਾ ਜਾਵੇ ਤਾਂ ਕਿ ਉਹ ਡਾਕਟਰੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਕੰਮ ਆ ਸਕੇ। ਮਰਹੂਮ ਸੀਤਾ ਰਾਮ ਦੇ ਵੱਡੇ ਪੁੱਤ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਹੈ।
ਸੀਤਾ ਰਾਮ ਨੇ ਕਰੀਬ 4 ਸਾਲ ਪਹਿਲਾਂ ਸਰੀਰ ਦਾਨ ਦਾ ਫ਼ੈਸਲਾ ਕਰ ਲਿਆ ਸੀ ਅਤੇ ਪੂਰੇ ਪਰਿਵਾਰ ਨੂੰ ਇਸ ਲਈ ਮਾਨਸਿਕ ਰੂਪ ਨਾਲ ਤਿਆਰ ਕੀਤਾ ਸੀ। ਮੈਡੀਕਲ ਕਾਲਜ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਨੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਮਾਜ ਲਈ ਇਕ ਮਹਾਨ ਯੋਗਦਾਨ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲੇ ਮੈਡੀਕਲ ਕਾਲਜ ਨੂੰ ਪੜ੍ਹਾਈ ਲਈ ਚੰਡੀਗੜ੍ਹ ਪੀਜੀਆਈ ਤੋਂ ਸਰੀਰ ਮੰਗਣਾ ਪੈਂਦਾ ਸੀ ਪਰ ਪਿਛਲੇ 3 ਸਾਲਾਂ 'ਚ ਜ਼ਿਲ੍ਹੇ ਦੇ ਹੀ 5 ਲੋਕਾਂ ਨੇ ਸਰੀਰ ਦਾਨ ਕੀਤਾ ਹੈ। ਜਦੋਂ ਐਂਬੂਲੈਂਸ ਸੀਤਾ ਰਾਮ ਦੇ ਸਰੀਰ ਨੂੰ ਲੈਣ ਪਿੰਡ ਪਹੁੰਚੀ ਤਾਂ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਵਿਦਾ ਕੀਤਾ ਗਿਆ। ਪਿੰਡ ਵਾਸੀਆਂ ਨੇ ਇਕ ਵੱਡੀ ਰੱਸੀ ਦੇ ਸਹਾਰੇ ਐਂਬੂਲੈਂਸ ਨੂੰ ਮੁੱਖ ਸੜਕ ਤੱਕ ਖਿੱਚ ਕੇ ਆਪਣਾ ਸਨਮਾਨ ਪ੍ਰਗਟ ਕੀਤਾ। ਨਾਦੌਨ ਦੇ ਕਈ ਦਿੱਗਜ ਲੋਕ ਵੀ ਇਸ ਮੌਕੇ ਮੌਜੂਦ ਰਹੇ ਅਤੇ ਪਰਿਵਾਰ ਦੇ ਇਸ ਨੇਕ ਕੰਮ ਦੀ ਤਾਰੀਫ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
