ਹੁਣ ਵਿੰਗ ਕਮਾਂਡਰ ਵਿਓਮਿਕਾ ਸਿੰਘ ''ਤੇ ਅਖਿਲੇਸ਼ ਦੇ ਚਾਚੇ ਰਾਮਗੋਪਾਲ ਦਾ ਵਿਵਾਦਿਤ ਬਿਆਨ
Thursday, May 15, 2025 - 06:43 PM (IST)

ਨੈਸ਼ਨਲ ਡੈਸਕ- ਆਪਰੇਸ਼ਨ ਸਿੰਦੂਰ ਨਾਲ ਜੁੜੀ ਕਰਨਲ ਸੋਫੀਆ ਤੋਂ ਬਾਅਦ ਹੁਣ ਏਅਰਫੋਸ ਦੀ ਵਿਂਗ ਕਮਾਂਡਰ ਵਿਓਮਿਕਾ ਸਿੰਘ ਬਾਰੇ ਵੀ ਵਿਵਾਦਤ ਟਿੱਪਣੀ ਸਾਹਮਣੇ ਆਈ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਦੇ ਚਾਚੇ ਰਾਮਗੋਪਾਲ ਯਾਦਵ ਨੇ ਵੀਰਵਾਰ ਨੂੰ ਉਨ੍ਹਾਂ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਇਨ੍ਹਾਂ ਵਿੱਚ ਕੁਝ ਸ਼ਬਦ ਇੰਨੇ ਇਤਰਾਜ਼ਯੋ ਹਨ, ਜੋ ਅਸੀਂ ਇੱਥੇ ਲਿਖ ਨਹੀਂ ਸਕਦੇ।
ਯੂਪੀ ਦੇ ਮੁਰਾਦਾਬਾਦ ਵਿੱਚ ਰਾਮਗੋਪਾਲ ਨੇ ਕਿਹਾ, “ਵਿੰਗ ਕਮਾਂਡਰ ਵਿਓਮਿਕਾ ਸਿੰਘ ਹਰਿਆਣਾ ਦੀ ਜਾਟ ਹੈ..., *** ਹਨ। ਪਰ ਭਾਜਪਾ ਨੇ ਉਨ੍ਹਾਂ ਨੂੰ ਰਾਜਪੂਤ ਸਮਝਕੇ ਕੁਝ ਨਹੀਂ ਕਿਹਾ, ਜਦਕਿ ਮੁਸਲਮਾਨ ਹੋਣ ਕਰਕੇ ਭਾਜਪਾ ਦੇ ਮੱਧ ਪ੍ਰਦੇਸ਼ ਦੇ ਮੰਤਰੀ ਨੇ ਕਰਨਲ ਸੋਫੀਆ ਕੁਰੈਸ਼ੀ ਨੂੰ ਗਾਲਾਂ ਕੱਢੀਆਂ।”
ਰਾਮਗੋਪਾਲ ਇਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਅੱਗੇ ਕਿਹਾ, “ਆਪਰੇਸ਼ਨ ਸਿੰਦੂਰ ਵਿੱਚ ਏਅਰ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੇ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਯਾਦਵ ਹਨ। ਇੱਕ ਮੁਸਲਮਾਨ, ਦੂਜੀ ਜਾਟ ਅਤੇ ਤੀਜਾ ਯਾਦਵ...ਇਹ ਤਿੰਨੇ PDA (ਪਿੱਛੜੇ, ਦਲਿਤ, ਅਲਪਸੰਖਿਆਕ) ਦੇ ਹਨ। ਇਹ ਪੂਰੀ ਜੰਗ ਤਾਂ PDA ਨੇ ਹੀ ਲੜੀ। ਭਾਜਪਾ ਕਿਸ ਆਧਾਰ 'ਤੇ ਇਸਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ?”
ਏਅਰ ਫੋਰਸ ਦੀ ਵਿਂਗ ਕਮਾਂਡਰ ਵਿਓਮਿਕਾ ਸਿੰਘ ਅਤੇ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੈਸ਼ੀ 'ਆਪਰੇਸ਼ਨ ਸਿੰਦੂਰ' ਦੀ ਪ੍ਰੈਸ ਕਾਨਫਰੰਸ ਦੌਰਾਨ ਚਰਚਾ ਵਿੱਚ ਆਈਆਂ। ਦੋਹਾਂ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮਿਲਕੇ 'ਆਪਰੇਸ਼ਨ ਸਿੰਦੂਰ' 'ਤੇ 4 ਪ੍ਰੈਸ ਕਾਨਫਰੰਸਾਂ ਕੀਤੀਆਂ ਸਨ।