''''ਮੁਆਫ਼ੀ ਮੰਗਣ ਰਾਜਨਾਥ ਸਿੰਘ...!'''', ਨਹਿਰੂ ਬਾਰੇ ਦਿੱਤੇ ਗਏ ਬਿਆਨ ''ਤੇ ਕਾਂਗਰਸ ਨੇ ਘੇਰੇ ਰੱਖਿਆ ਮੰਤਰੀ
Saturday, Dec 06, 2025 - 02:14 PM (IST)
ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇੱਕ ਤਾਜ਼ਾ ਬਿਆਨ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਮੰਗ ਕੀਤੀ ਕਿ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ ਝੂਠ ਫੈਲਾਉਣ ਲਈ ਮੁਆਫੀ ਮੰਗਣ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਰਾਜਨਾਥ ਨੇ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਗੁਜਰਾਤ ਵਿੱਚ ਇੱਕ ਸਮਾਗਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਸਰਕਾਰੀ ਫੰਡਾਂ ਨਾਲ ਬਾਬਰੀ ਮਸਜਿਦ ਬਣਾਉਣਾ ਚਾਹੁੰਦੇ ਸਨ, ਪਰ ਸਰਦਾਰ ਵੱਲਭਭਾਈ ਪਟੇਲ ਨੇ ਉਨ੍ਹਾਂ ਦੀ ਯੋਜਨਾ ਨੂੰ ਸਫਲ ਹੋਣ ਤੋਂ ਰੋਕਿਆ।
ਇਸ ਮਗਰੋਂ ਰਮੇਸ਼ ਨੇ ਸ਼ਨੀਵਾਰ ਨੂੰ X 'ਤੇ ਪੋਸਟ ਕੀਤਾ, "ਸਰਦਾਰ ਵੱਲਭਭਾਈ ਪਟੇਲ ਮੈਮੋਰੀਅਲ ਸੋਸਾਇਟੀ, 2025 ਦੁਆਰਾ ਪ੍ਰਕਾਸ਼ਿਤ ਸੀ.ਏ. ਆਰ.ਐੱਸ. ਪਟੇਲ ਦੀ ਕਿਤਾਬ 'ਸਮਰਪਿਤ ਪਛਾਇਓ ਸਰਦਾਰਨੋ' ਦੇ ਪੰਨੇ 212-213 'ਤੇ ਗੁਜਰਾਤੀ ਵਿੱਚ ਮਨੀਬੇਨ ਦੀ ਮੂਲ ਡਾਇਰੀ ਐਂਟਰੀ ਇੱਥੇ ਹੈ। ਅਸਲ ਡਾਇਰੀ ਐਂਟਰੀ ਵਿੱਚ ਕੀ ਹੈ ਅਤੇ ਰਾਜਨਾਥ ਸਿੰਘ ਜੀ ਅਤੇ ਉਨ੍ਹਾਂ ਦੇ ਸਹਿਯੋਗੀ ਜੋ ਪ੍ਰਚਾਰ ਕਰ ਰਹੇ ਹਨ, ਉਸ ਵਿੱਚ ਬਹੁਤ ਅੰਤਰ ਹੈ।" ਕਾਂਗਰਸ ਦੇ ਜਨਰਲ ਸਕੱਤਰ ਨੇ ਕਿਤਾਬ ਦੇ ਅੰਸ਼ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਰੱਖਿਆ ਮੰਤਰੀ ਨੂੰ ਉਹ ਜੋ ਝੂਠ ਫੈਲਾ ਰਹੇ ਹਨ, ਲਈ ਮੁਆਫੀ ਮੰਗਣੀ ਚਾਹੀਦੀ ਹੈ।
