ਰਾਕੇਸ਼ ਟਿਕੈਤ ਨੂੰ ਮਿਲਿਆ ਲੰਡਨ ਦਾ 21ਵੀਂ ਸੈਂਚੁਰੀ ਆਈਕੌਨ ਐਵਾਰਡ
Monday, Dec 13, 2021 - 05:18 PM (IST)
ਨਵੀਂ ਦਿੱਲੀ— ਦਿੱਲੀ ਦੇ ਬਾਰਡਰਾਂ ’ਤੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਇਕ ਸਾਲ ਤੋਂ ਵੱਧ ਸਮਾਂ ਚੱਲਿਆ। ਕਿਸਾਨਾਂ ਨੇ ਮੋਰਚਾ ਫਤਿਹ ਕਰ ਲਿਆ ਹੈ, ਕਿਉਂਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਹੈ। ਓਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਕਿਸਾਨ ਅੰਦੋਲਨ ਵਿਚ ਸਰਗਰਮ ਰੂਪ ਨਾਲ ਅਹਿਮ ਭੂਮਿਕਾ ਨਿਭਾਉਣ ’ਤੇ ਲੰਡਨ ਦਾ 21ਵੀਂ ਸੈਂਚੁਰੀ ਆਈਕੌਨ ਐਵਾਰਡ 2021 ਨਾਲ ਨਵਾਜਿਆ ਗਿਆ ਹੈ। ਰਾਕੇਸ਼ ਟਿਕੈਤ ਨੂੰ ਇਹ ਪੁਰਸਕਾਰ ਲੰਡਨ ਦੀ ਸਕਵੇਅਰਡ ਵਾਟਰਮੇਲਨ ਆਫ਼ ਬਿ੍ਰਟੇਨ ਵਲੋਂ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੰਬੇ ਸਮੇਂ ਤੱਕ ਜਿਊਂਦਾ ਰੱਖਣ ਲਈ ਦਿੱਤਾ ਗਿਆ। ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਲੰਡਨ ਦੀ ਕੰਪਨੀ ਨੇ ਇਸ ਐਵਾਰਡ ਲਈ ਰਾਕੇਸ਼ ਟਿਕੈਤ ਨੂੰ ਨਾਮਜ਼ਦ ਕੀਤਾ ਸੀ।
ਲੰਡਨ ਦੀ ਸਕਵੇਅਰਡ ਵਾਟਰਮੇਲਨ ਕੰਪਨੀ ਦੁਨੀਆ ਲਈ ਮਿਸਾਲ ਬਣਨ ਵਾਲੀਆਂ ਸ਼ਖਸੀਅਤਾਂ ਨੂੰ ਹਰ ਸਾਲ ਆਈਕੌਨ ਐਵਾਰਡ ਦਿੰਦੀ ਹੈ। ਇਸ ਐਵਾਰਡ ਦੀ ਸ਼ੁਰੂਆਤ 2017 ਵਿਚ ਹੋਈ ਸੀ। ਇਸ ਤੋਂ ਪਹਿਲਾਂ 4 ਭਾਰਤੀਆਂ ਨੂੰ ਵੀ 21ਵੀਂ ਸੈਂਚੁਰੀ ਆਈਕੌਨ ਐਵਾਰਡ ਨਾਲ ਨਵਾਜਿਆ ਜਾ ਚੁੱਕਾ ਹੈ, ਜਿਸ ’ਚ ਸੋਨੂੰ ਨਿਗਮ ਅਤੇ ਸ਼ੰਕਰ ਮਹਾਦੇਵਨ ਦੇ ਨਾਂ ਵੀ ਸ਼ਾਮਲ ਹਨ।
ਇਸ ਦਰਮਿਆਨ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਅਤੇ ਕਈ ਮੰਗਾਂ ਨੂੰ ਮੰਨੇ ਜਾਣ ਮਗਰੋਂ ਕਿਸਾਨਾਂ ਨੇ ਆਪਣਾ ਅੰਦੋਲਨ ਖ਼ਤਮ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਵਿਚਾਲੇ ਕਈ ਮੁੱਦਿਆਂ ’ਤੇ ਬਣੀ ਸਹਿਮਤੀ ਮਗਰੋਂ ਕਿਸਾਨ ਮੋਰਚੇ ਨੇ 11 ਦਸੰਬਰ ਤੋਂ ਦਿੱਲੀ ਦੇ ਬਾਰਡਰਾਂ ਤੋਂ ਰਵਾਨਾ ਹੋਣਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਨੇ ਕਿਹਾ ਸੀ ਕਿ ਵਾਪਸੀ ਦੀ ਮੁਹਿੰਮ ਵਿਚ ਅਜੇ 4-5 ਦਿਨ ਲੱਗਣਗੇ।