ਰਾਕੇਸ਼ ਟਿਕੈਤ ਬੋਲੇ- ਹਿਮਾਚਲ ’ਚ ਸ਼ੁਰੂ ਹੋਵੇਗੀ ‘ਆਪਣਾ ਪਿੰਡ-ਆਪਣੀ ਸੜਕ’ ਮੁਹਿੰਮ
Saturday, Jun 25, 2022 - 10:07 AM (IST)
ਕੁੱਲੂ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਤ ਟਿਕੈਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ‘ਆਪਣਾ ਪਿੰਡ-ਆਪਣੀ ਸੜਕ’ ਮੁਹਿੰਮ ਚਲਾਵਾਂਗੇ। ਇਸ ਮੁਹਿੰਮ ਤਹਿਤ ਪਿੰਡਾਂ ਦੇ ਲੋਕ ਆਪਣੇ ਖੇਤਰ ’ਚ ਸੜਕਾਂ ’ਤੇ ਉਤਰਨਗੇ ਅਤੇ ਚੱਕਾ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਹਿਮਾਚਲ ’ਚ ਵੀ ਕਿਸਾਨਾਂ, ਬਾਗਬਾਨਾਂ, ਬਿਜਲੀ ਅਤੇ ਫੋਰ-ਲੇਨ ਪ੍ਰਭਾਵਿਤ ਕਿਸਾਨਾਂ ਲਈ ਦਿੱਲੀ ਦੀ ਤਰਜ਼ ’ਤੇ ਵੱਡਾ ਅੰਦੋਲਨ ਕੀਤਾ ਜਾਵੇਗਾ। ਸਾਗ, ਸਬਜ਼ੀਆਂ ਅਤੇ ਦੁੱਧ ’ਤੇ ਘੱਟੋ-ਘੱਟ ਸਮਰਥਨ ਮੁੱਲ ਮਿਲਣਾ ਚਾਹੀਦਾ ਹੈ। ਸੇਬ ’ਤੇ ਸਮਰਥਨ ਮੁੱਲ ਬਹੁਤ ਘੱਟ ਹੈ, ਸਰਕਾਰ ਨੂੰ ਇਸ ਨੂੰ ਵਧਾਉਣਾ ਚਾਹੀਦਾ ਹੈ। ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਕੁੱਲੂ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।
ਟਿਕੈਤ ਨੇ ਕਿਹਾ ਕਿ ਫੋਰ-ਲੇਨ ਦੇ ਨਾਲ ਬਿਜਲੀ ਪ੍ਰਭਾਵਿਤਾਂ, ਫਲ ਅਤੇ ਸਬਜ਼ੀਆਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸੂਬੇ ਦੀਆਂ ਸਾਰੀਆਂ ਯੂਨੀਅਨਾਂ, ਮੋਰਚਿਆਂ ਅਤੇ ਹੋਰ ਸੰਗਠਨਾਂ ਦੇ ਨਾਲ ਮਿਲ ਕੇ ‘ਆਪਣਾ ਪਿੰਡ ਆਪਣੀ ਸੜਕ’ ਮੁਹਿੰਮ ਸ਼ੁਰੂ ਕਰੇਗੀ। ਇਹ ਮੁਹਿੰਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੇ ਸੂਬੇ ਵਿਚ ਸ਼ੁਰੂ ਕੀਤੀ ਜਾਵੇਗੀ ਤੇ ਉਹ ਸੂਬੇ ਦੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ।
ਟਿਕੈਤ ਨੇ ਕਿਹਾ ਕਿ ਆਪਣਾ ਪਿੰਡ ਆਪਣੀ ਸੜਕ ਮੁਹਿੰਮ ਤਹਿਤ ਪਿੰਡਾਂ ’ਚ ਹੀ ਹਾਈਵੇਅ ਜਾਮ ਕਰਨ ਤੋਂ ਬਾਅਦ ਪ੍ਰਦੇਸ਼ ’ਚ ਵੱਡਾ ਅੰਦੋਲਨ ਕਰਾਂਗੇ। ਫੋਰ-ਲੇਨ ਪ੍ਰਭਾਵਿਤਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਸਹੀ ਕੀਮਤ ਨਹੀਂ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਦੀ ਸਰਕਾਰ ਨੇ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ, ਉਨ੍ਹਾਂ ਨੂੰ ਨਿਆਂ ਦਿਵਾਵਾਂਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਾ ਕੋਈ ਵੀ ਵਿਅਕਤੀ ਚੋਣਾਂ ਨਹੀਂ ਲੜੇਗਾ ਅਤੇ ਨਾ ਹੀ ਯੂਨੀਅਨ ਕਿਸੇ ਸਿਆਸੀ ਪਾਰਟੀ ਨੂੰ ਸਹਿਯੋਗ ਕਰੇਗੀ। ‘ਅਗਨੀਪਥ’ ਯੋਜਨਾ ਦਾ ਵਿਰੋਧ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ 4 ਸਾਲ ਦੀ ਨੌਕਰੀ ਦੇ ਕੇ ਨੌਜਵਾਨਾਂ ਨੂੰ ਸਸਤੇ ਮਜ਼ਦੂਰ ਬਣਾਉਣਾ ਚਾਹੁੰਦੀ ਹੈ। 4 ਸਾਲ ਵਿਚ ਕੋਈ ਸੇਵਾਮੁਕਤ ਨਹੀਂ ਹੁੰਦਾ।