ਰਾਜ ਮੰਤਰੀ ਨਾਯਬ ਸੈਨੀ ਦੇ ਭਤੀਜੇ ਨੂੰ ਅਗਵਾ ਕਰਕੇ ਮੰਗੇ 2 ਕਰੋੜ, ਮਿਲਿਆ ਬੇਸੁਧ ਹਾਲਤ ''ਚ
Saturday, Jun 17, 2017 - 02:51 PM (IST)

ਹਰਿਆਣਾ — ਹਰਿਆਣਾ ਦੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਨਾਯਬ ਸੈਨੀ ਦੇ ਭਤੀਜੇ ਹਨੀਸ਼ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਫਿਰ ਉਸੇ ਦੇ ਫੋਨ ਤੋਂ ਪਿਤਾ ਨੂੰ ਕਾਲ ਆਈ ਕਿ ਤੁਹਾਡਾ ਬੇਟਾ ਸਾਡੇ ਕੋਲ ਹੈ ਅਤੇ ਉਸਨੂੰ ਛੱਡਣ ਦੇ ਬਦਲੇ 2 ਕਰੋੜ ਰੁਪਏ ਦੀ ਮੰਗ ਵੀ ਕੀਤੀ। ਜਾਣਕਾਰੀ ਦੇ ਮੁਤਾਬਕ ਪਿੰਡ ਮਿਰਜ਼ਾਪੁਰ 'ਚ ਰਹਿਣ ਵਾਲੇ ਹਨੀਸ਼ ਆਪਣੀ ਬਾਈਕ 'ਤੇ ਦੋਸਤਾਂ ਨੂੰ ਮਿਲਣ ਦਾ ਕਹਿ ਕੇ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ।
ਪਰਿਵਾਰ ਨੇ ਉਸਦੇ ਮੋਬਾਈਲ 'ਤੇ ਫੋਨ ਕੀਤਾ ਤਾਂ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ। ਪਰਿਵਾਰ ਨੇ ਇਸ ਮਾਮਲੇ ਦੀ ਪੁਲਸ ਨੂੰ ਜਾਣਕਾਰੀ ਦਿੱਤੀ।
ਸੂਚਨਾ ਮਿਲਦੇ ਹੀ ਪੁਲਸ ਦੀਆਂ ਸਾਰੀਆਂ ਟੀਮਾਂ ਹਰਕਤ 'ਚ ਆ ਗਈਆਂ ਅਤੇ ਜਗ੍ਹਾ-ਜਗ੍ਹਾ ਨਾਕੇ ਬੰਦੀ ਕਰ ਦਿੱਤੀ। ਸਵਾ ਘੰਟੇ ਬਾਅਦ ਪੁਲਸ ਨੂੰ ਹਨੀਸ਼ ਦੇ ਪਿੰਡ ਲਾਹਾ 'ਚ ਹੋਣ ਦੀ ਜਾਣਕਾਰੀ ਮਿਲੀ। ਪੁਲਸ ਉਸੇ ਸਮੇਂ ਮੌਕੇ 'ਤੇ ਪਹੁੰਚ ਗਈ ਅਤੇ ਹਨੀਸ਼ ਨੂੰ ਬੇਸੁਧ ਹਾਲਤ 'ਚ ਬਰਾਮਦ ਕਰ ਲਿਆ। ਐਸ.ਪੀ. ਅਭਿਸ਼ੇਕ ਜੋਰਵਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਨਬੀਨ ਚਲ ਰਹੀ ਹੈ।
ਪਿੰਡ ਲਾਹਾ ਤੋਂ ਹਨੀਸ਼ ਦੇ ਮਿਲਦੇ ਹੀ ਆਈ.ਜੀ. ਡਾ. ਆਰ.ਸੀ. ਮਿਸ਼ਰਾ ਅਤੇ ਐਸ.ਪੀ. ਅਭਿਸ਼ੇਕ ਜੋਰਵਾਲ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਬੇਸੁਧ ਹਨੀਸ਼ ਅਤੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਉਸਨੂੰ ਹਸਪਤਾਲ ਪੁਹੰਚਾਇਆ। ਪੀੜਤ ਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਲੜਖੜਾਉਂਦੀ ਜ਼ਬਾਨ ਨਾਲ ਕੁਝ ਵੀ ਦੱਸ ਨਹੀਂ ਸਕਿਆ। ਬਸ ਇੰਨਾ ਹੀ ਕਿਹਾ ਕਿ ਉਸਨੂੰ 6 ਲੋਕਾਂ ਨੇ ਅਗਵਾ ਕੀਤਾ ਸੀ। ਮੈਨੂੰ ਕੁਝ ਸੁੰਘਾ ਕੇ ਬੇਹੋਸ਼ ਕੀਤਾ ਗਿਆ ਸੀ। ਉਹ ਲੋਕ ਉਸਨੂੰ ਕਾਰ 'ਚ ਲੈ ਕੇ ਗਏ ਸਨ। ਇਥੋਂ ਤੱਕ ਕਿਵੇਂ ਪਹੁੰਚਿਆਂ ਉਸਨੂੰ ਕੋਈ ਜਾਣਕਾਰੀ ਨਹੀਂ।