ਮੁੜ ਹੋਣਗੀਆਂ ਚੋਣਾਂ ! ਰਾਜ ਸਭਾ ਦੀਆਂ 12 ਸੀਟਾਂ ਹੋਣ ਜਾ ਰਹੀਆਂ ਖਾਲੀ

Tuesday, Sep 22, 2026 - 06:33 PM (IST)

ਮੁੜ ਹੋਣਗੀਆਂ ਚੋਣਾਂ ! ਰਾਜ ਸਭਾ ਦੀਆਂ 12 ਸੀਟਾਂ ਹੋਣ ਜਾ ਰਹੀਆਂ ਖਾਲੀ

ਨਵੀਂ ਦਿੱਲੀ (ਏਜੰਸੀ)- ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੱਛਮੀ ਬੰਗਾਲ ਤੋਂ ਰਾਜ ਸਭਾ ਦੀਆਂ 12 ਸੀਟਾਂ ਲਈ 16 ਅਕਤੂਬਰ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਅਤੇ ਉੱਤਰਾਖੰਡ ਦੀ ਇਕ ਸੀਟ ਲਈ ਚੋਣਾਂ ਹੋਣਗੀਆਂ, ਜਿਨ੍ਹਾਂ 'ਤੇ ਮੌਜੂਦਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਇਕ ਸੀਟ ਲਈ ਜ਼ਿਮਨੀ ਚੋਣ ਹੋਵੇਗੀ।

ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਦੀ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ, 6 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ ਅਤੇ 16 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਉਨ੍ਹਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਅਰੁਣ ਸਿੰਘ, ਗੀਤਾ ਸ਼ਾਕਿਆ, ਨੀਰਜ ਸ਼ੇਖਰ, ਬ੍ਰਿਜਲਾਲ, ਬੀ.ਐੱਲ. ਵਰਮਾ, ਸੀਮਾ ਦਿਵੇਦੀ ਅਤੇ ਹਰਦੀਪ ਸਿੰਘ ਪੁਰੀ, ਸਮਾਜਵਾਦੀ ਪਾਰਟੀ (ਸਪਾ) ਤੋਂ ਰਾਮ ਗੋਪਾਲ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਰਾਮਜੀ ਗੌਤਮ ਸ਼ਾਮਲ ਹਨ।

ਉੱਤਰ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਦੀ ਸੀਟ ਵੀ 11 ਸਤੰਬਰ ਤੋਂ ਖਾਲੀ ਹੈ। ਉਸ ਦਿਨ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਉੱਪ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਅਸਤੀਫ਼ਾ ਪ੍ਰਭਾਵੀ ਹੋਇਆ ਸੀ। ਉਤਰਾਖੰਡ 'ਚ, ਭਾਜਪਾ ਮੈਂਬਰ ਨਰੇਸ਼ ਬਾਂਸਲ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਉੱਤਰ ਪ੍ਰਦੇਸ਼ 'ਚ ਚੋਣਾਂ ਲਈ 10 ਰਾਜ ਸਭਾ ਸੀਟਾਂ 'ਚੋਂ, ਅੱਠ ਭਾਜਪਾ ਮੈਂਬਰਾਂ ਕੋਲ ਹਨ, ਜਦੋਂ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਹਰੇਕ ਕੋਲ ਇਕ ਸੀਟ ਹੈ।

ਰਾਜ ਸਭਾ ਦੀਆਂ ਇਹ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀਆਂ ਹਨ। ਮੌਜੂਦਾ ਵਿਧਾਨ ਸਭਾ 'ਚ ਪਾਰਟੀ ਦੀ ਤਾਕਤ ਦੇ ਆਧਾਰ 'ਤੇ, ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ 8 ਸੀਟਾਂ ਜਿੱਤਣ ਦਾ ਅਨੁਮਾਨ ਹੈ, ਜਦੋਂ ਕਿ ਸਮਾਜਵਾਦੀ ਪਾਰਟੀ ਨੂੰ 2 ਸੀਟਾਂ ਮਿਲਣ ਦਾ ਅਨੁਮਾਨ ਹੈ। ਬਸਪਾ ਆਪਣੀ ਰਾਜ ਸਭਾ ਪ੍ਰਤੀਨਿਧਤਾ ਗੁਆ ਸਕਦੀ ਹੈ ਕਿਉਂਕਿ ਇਸ ਕੋਲ ਗੌਤਮ ਦੀ ਸੀਟ ਬਰਕਰਾਰ ਰੱਖਣ ਲਈ ਲੋੜੀਂਦੀ ਗਿਣਤੀ 'ਚ ਵਿਧਾਇਕਾਂ ਦੀ ਘਾਟ ਹੈ।

ਅਗਸਤ 'ਚ ਆਪਣੇ ਇਕਲੌਤੇ ਬਸਪਾ ਵਿਧਾਇਕ, ਉਮਾ ਸ਼ੰਕਰ ਸਿੰਘ ਦੀ ਮੌਤ ਤੋਂ ਬਾਅਦ, ਪਾਰਟੀ ਕੋਲ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਕੋਈ ਵਿਧਾਇਕ ਨਹੀਂ ਹੈ। 2020 'ਚ ਵੀ, ਬਸਪਾ ਕੋਲ ਆਪਣੇ ਬਲਬੂਤੇ ਰਾਜ ਸਭਾ ਮੈਂਬਰ ਚੁਣਨ ਲਈ ਲੋੜੀਂਦੇ ਅੰਕੜਿਆਂ ਦੀ ਘਾਟ ਸੀ। ਹਾਲਾਂਕਿ ਉਸ ਸਮੇਂ, ਭਾਜਪਾ ਨੇ 10 'ਚੋਂ ਸਿਰਫ਼ ਅੱਠ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਸ ਨਾਲ ਬਸਪਾ ਦੇ ਰਾਮਜੀ ਗੌਤਮ ਲਈ ਰਾਜ ਸਭਾ 'ਚ ਦਾਖਲ ਹੋਣ ਦਾ ਰਸਤਾ ਸਾਫ਼ ਹੋ ਗਿਆ ਸੀ। ਗੌਤਮ ਬਿਨਾਂ ਵਿਰੋਧ ਚੁਣੇ ਗਏ ਸਨ। ਇਹ ਸਪਾ ਦੁਆਰਾ ਸਮਰਥਤ ਇਕ ਆਜ਼ਾਦ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਹੋਇਆ। ਇਸ ਤੋਂ ਬਾਅਦ, ਸਪਾ ਨੇ ਭਾਜਪਾ ਅਤੇ ਬਸਪਾ ਵਿਚਕਾਰ ਇਕ ਸਮਝੌਤੇ ਦਾ ਦੋਸ਼ ਲਗਾਇਆ। ਤ੍ਰਿਣਮੂਲ ਕਾਂਗਰਸ ਦੀ ਰੁਕਮਣੀ ਮਲਿਕ ਦੇ ਅਸਤੀਫ਼ੇ ਕਾਰਨ ਪੱਛਮੀ ਬੰਗਾਲ 'ਚ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ। ਰੁਕਮਣੀ ਮਲਿਕ, ਜਿਸ ਨੂੰ ਅਦਾਕਾਰਾ ਕੋਇਲ ਮਲਿਕ ਵੀ ਕਿਹਾ ਜਾਂਦਾ ਹੈ ਨੇ 16 ਜੁਲਾਈ ਨੂੰ ਅਸਤੀਫਾ ਦੇ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News