4 ਸੂਬਿਆਂ ਦੀਆਂ MLC ਚੋਣਾਂ ਦੇ ਨਤੀਜਿਆਂ ਮਗਰੋ PM ਮੋਦੀ ਨੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨ
Wednesday, Oct 28, 2026 - 06:12 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਅਤੇ ਕਰਨਾਟਕ ਵਿੱਚ ਹੋਈਆਂ 28 ਵਿਧਾਨ ਪ੍ਰੀਸ਼ਦ (MLC) ਸੀਟਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਹ ਚੋਣਾਂ ਬੈਲੇਟ ਪੇਪਰਾਂ ਰਾਹੀਂ ਹੋਈਆਂ ਸਨ, ਜਿਨ੍ਹਾਂ ਵਿੱਚ ਕਾਂਗਰਸ ਇੱਕ ਵੀ ਸੀਟ ਜਿੱਤਣ ਵਿੱਚ ਨਾਕਾਮ ਰਹੀ। ਪੀਐੱਮ ਮੋਦੀ ਨੇ ਪੋਸਟ ਵਿੱਚ ਲਿਖਿਆ ਕਿ ਚਾਰ ਵੱਡੇ ਸੂਬਿਆਂ ਦੀਆਂ 28 ਸੀਟਾਂ 'ਤੇ ਬੈਲੇਟ ਪੇਪਰ ਨਾਲ ਚੋਣਾਂ ਹੋਈਆਂ ਪਰ ਅੰਦਾਜ਼ਾ ਲਗਾਓ ਕਾਂਗਰਸ ਨੇ ਕਿੰਨੀਆਂ ਸੀਟਾਂ ਜਿੱਤੀਆਂ।

ਇਨ੍ਹਾਂ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 11, ਬਿਹਾਰ ਦੀਆਂ 8, ਮਹਾਰਾਸ਼ਟਰ ਦੀਆਂ 5 ਅਤੇ ਕਰਨਾਟਕ ਦੀਆਂ 4 ਸੀਟਾਂ ਸ਼ਾਮਲ ਸਨ। ਵੋਟਿੰਗ 23 ਅਕਤੂਬਰ ਨੂੰ ਹੋਈ ਸੀ ਅਤੇ ਵੋਟਾਂ ਦੀ ਗਿਣਤੀ 27 ਅਕਤੂਬਰ ਤੋਂ ਸ਼ੁਰੂ ਹੋਈ। ਇਹ ਚੋਣਾਂ ਮੁੱਖ ਤੌਰ 'ਤੇ ਅਧਿਆਪਕ (ਟੀਚਰ) ਅਤੇ ਗ੍ਰੈਜੂਏਟ ਹਲਕਿਆਂ ਲਈ ਸਨ, ਜਿਨ੍ਹਾਂ ਵਿੱਚ ਸਿਰਫ਼ ਰਜਿਸਟਰਡ ਵੋਟਰ ਹੀ ਵੋਟ ਪਾਉਂਦੇ ਹਨ। ਕਰਨਾਟਕ ਵਿੱਚ ਭਾਜਪਾ ਤੇ ਜੇਡੀਐੱਸ (JDS) ਗਠਜੋੜ ਨੇ ਚਾਰੇ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਿੱਥੇ ਜੇਡੀਐੱਸ ਨੇ ਬੈਂਗਲੁਰੂ ਟੀਚਰ ਸੀਟ ਕਾਂਗਰਸ ਤੋਂ ਖੋਹ ਲਈ। ਉੱਥੇ ਹੀ ਉੱਤਰ ਪ੍ਰਦੇਸ਼ ਦੀਆਂ ਸੀਟਾਂ 'ਤੇ ਭਾਜਪਾ ਨੇ 4 ਅਤੇ ਸਮਾਜਵਾਦੀ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਿਰੋਧੀ ਧਿਰਾਂ ਚੋਣ ਪ੍ਰਕਿਰਿਆ ਅਤੇ EVM 'ਤੇ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ ਹਨ। ਬੈਲੇਟ ਪੇਪਰ ਰਾਹੀਂ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਰਾਜਨੀਤਿਕ ਬਹਿਸ ਛਿੜ ਗਈ ਹੈ।
