12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਰਾਜਨਾਥ ਸਿੰਘ ਕੇਂਦਰੀ ਮੰਤਰੀਆਂ ਨਾਲ ਕੱਲ੍ਹ ਕਰਨਗੇ ਬੈਠਕ

Saturday, May 22, 2021 - 03:34 PM (IST)

12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਰਾਜਨਾਥ ਸਿੰਘ ਕੇਂਦਰੀ ਮੰਤਰੀਆਂ ਨਾਲ ਕੱਲ੍ਹ ਕਰਨਗੇ ਬੈਠਕ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਐਤਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇਕ ਉੱਚ ਪੱਧਰੀ ਬੈਠਕ ਹੋਵੇਗੀ। ਇਸ 'ਚ 12ਵੀਂ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ ਅਤੇ ਪੇਸ਼ੇਵਰ ਪਾਠਕ੍ਰਮਾਂ ਦੀ ਪ੍ਰਵੇਸ਼ ਪ੍ਰੀਖਿਆਵਾਂ ਨੂੰ ਲੈ ਕੇ ਚਰਚਾ ਹੋਵੇਗੀ। ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਦੇ ਮੱਦੇਨਜ਼ਰ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਨਿਸ਼ੰਕ ਨੇ ਟਵੀਟ ਕੀਤਾ ਕਿ 23 ਮਈ 2021 ਨੂੰ ਦੁਪਹਿਰ 11 ਵਜੇ ਇਹ ਬੈਠਕ ਡਿਜ਼ੀਟਲ ਮਾਧਿਅਮ ਨਾਲ ਹੋਵੇਗੀ, ਜਿਸ 'ਚ ਉਨ੍ਹਾਂ (ਨਿਸ਼ੰਕ) ਤੋਂ ਇਲਾਵਾ ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਪ੍ਰਕਾਸ਼ ਜਾਵਡੇਕਰ ਵੀ ਸ਼ਾਮਲ ਹੋਣਗੇ।

ਇਸ ਬੈਠਕ 'ਚ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀ, ਸਕੱਤਰ ਹਿੱਸਾ ਲੈਣਗੇ। ਸਿੱਖਿਆ ਮੰਤਰਾਲਾ ਦੇ ਬਿਆਨ ਅਨੁਸਾਰ, ਇਸ ਬੈਠਕ 'ਚ 12ਵੀਂ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ ਅਤੇ ਪੇਸ਼ੇਵਰ ਪਾਠਕ੍ਰਮਾਂ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਨੂੰ ਲੈ ਕੇ ਚਰਚਾ ਹੋਵੇਗੀ। ਉੱਥੇ ਹੀ ਸੂਚਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ 'ਚ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲੀ ਸਿੱਖਿਆ, ਸਿੱਖਿਆ ਮੰਤਰਾਲਾ ਅਤੇ ਸੀ.ਬੀ.ਐੱਸ.ਈ. ਵਿਦਿਆਰਥੀਆਂ, ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੀਖਿਆ ਆਯੋਜਿਤ ਕਰਨ ਦੇ ਬਦਲ 'ਤੇ ਵਿਚਾਰ ਕਰ ਰਿਹਾ ਹੈ। ਇਸ 'ਚ ਕਿਹਾ ਗਿਆ ਹੈ ਕਿ ਉੱਚ ਸਿੱਖਿਆ ਵਿਭਾਗ ਵੀ ਉੱਚ ਸਿੱਖਿਆ ਸੰਸਥਾਵਾਂ ਲਈ ਪ੍ਰੀਖਿਆ ਦੀਆਂ ਤਾਰੀਖ਼ਾਂ ਨੂੰ ਅੰਤਿਮ ਰੂਪ ਦੇਣ ਲਈ ਵਿਚਾਰ ਕਰ ਰਿਹਾ ਹੈ। 

ਕੋਰੋਨਾ ਕਾਰਨ ਸਿੱਖਿਆ ਖੇਤਰ 'ਤੇ ਕਾਫ਼ੀ ਪ੍ਰਭਾਵ ਪਿਆ ਹੈ, ਖਾਸ ਤੌਰ 'ਤੇ ਪ੍ਰੀਖਿਆ ਅਤੇ ਪ੍ਰਵੇਸ਼ ਪ੍ਰੀਖਿਆਵਾਂ 'ਤੇ ਇਸ ਦਾ ਅਸਰ ਪਿਆ ਹੈ। ਦੱਸਣਯੋਗ ਹੈ ਕਿ 14 ਅਪ੍ਰੈਲ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀਆਂ 12ਵੀਂ ਬੋਰਡ ਪ੍ਰੀਖਿਆਵਾਂ ਮੁਲਤਵੀ ਅਤੇ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਬੈਠਕ 'ਚ ਕੀਤਾ ਗਿਆ ਸੀ। ਇਹ ਪ੍ਰੀਖਿਆਵਾਂ 4 ਮਈ ਤੋਂ 14 ਜੂਨ ਦਰਮਿਆਨ ਹੋਣੀਆਂ ਸਨ। ਇਸ ਤੋਂ ਇਲਾਵਾ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੇ ਮੈਡੀਕਲ ਕਾਲਜਾਂ 'ਚ ਦਾਖ਼ਲ ਲਈ ਨੀਟ ਪ੍ਰਵੇਸ਼ ਪ੍ਰੀਖਿਆ ਅਤੇ ਕੁਝ ਹੋਰ ਪ੍ਰੀਖਿਆ ਮੁਲਤਵੀ ਕੀਤੀ।


author

DIsha

Content Editor

Related News