ਯੂ. ਪੀ. ਦੀ ਵੰਡ ਮੁੱਦੇ ''ਤੇ ਰਾਜਨਾਥ ਨੇ ਕਿਹਾ- ਆਬਾਦੀ ਬੋਝ ਨਹੀਂ
Sunday, Dec 23, 2018 - 05:39 PM (IST)
ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ (ਯੂ. ਪੀ.) ਨੂੰ 4 ਹਿੱਸਿਆਂ ਵਿਚ ਵੰਡਣ ਦੀ ਮੰਗ ਦੀ ਆਵਾਜ਼ ਫਿਰ ਤੇਜ਼ ਹੋਣ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਆਬਾਦੀ ਕੋਈ ਬੋਝ ਨਹੀਂ ਹੈ ਅਤੇ ਉਸ ਦਾ ਸਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਰਾਜਨਾਥ ਨੇ 'ਉੱਤਰ ਪ੍ਰਦੇਸ਼ ਗੌਰਵ ਸਨਮਾਨ' ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੋਕ ਇਹ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਦੀ ਵੰਡ ਕੀਤੇ ਬਗੈਰ ਇਸ ਦਾ ਵਿਕਾਸ ਨਹੀਂ ਹੋ ਸਕਦਾ। ਕੱਲ ਨੂੰ ਕੋਈ ਇਹ ਵੀ ਕਹਿਣਾ ਸ਼ੁਰੂ ਕਰੇਗਾ ਕਿ ਆਬਾਦੀ ਦੇ ਲਿਹਾਜ ਨਾਲ ਚੀਨ ਤੋਂ ਬਾਅਦ ਭਾਰਤ ਸਭ ਤੋਂ ਵੱਡਾ ਦੇਸ਼ ਹੈ ਅਤੇ ਇਹ ਮੁਲਕ ਵੀ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤਕ ਇਸ ਦੇ ਟੁਕੜੇ ਨਾ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਆਬਾਦੀ ਨੂੰ ਕਦੇ ਬੋਝ ਨਹੀਂ ਮੰਨਿਆ ਜਾਣਾ ਚਾਹੀਦਾ। ਆਬਾਦੀ ਸਾਡੀ ਸ਼ਕਤੀ ਹੈ। ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ ਅਤੇ ਅਸੀਂ ਦੇਸ਼ ਦੇ ਵਿਕਾਸ ਵਿਚ ਉਸ ਦਾ ਯੋਗਦਾਨ ਕਿਵੇਂ ਯਕੀਨੀ ਕਰ ਸਕਦੇ ਹਾਂ, ਇਸ ਦੀ ਤਕਨੀਕ ਲੱਭਣ ਦੀ ਲੋੜ ਹੈ। ਬਿਨਾਂ ਵਜ੍ਹਾ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਰਾਜਨਾਥ ਨੇ ਕਿਹਾ ਕਿ ਸਾਡਾ ਉੱਤਰ ਪ੍ਰਦੇਸ਼ ਇਕ ਅਜਿਹਾ ਸੂਬਾ ਹੈ, ਜਿਸ ਵਿਚ ਜ਼ਰੂਰੀ ਸਾਧਨਾਂ ਦੀ ਕਮੀ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਿਕਾਸ ਦੀ ਨਜ਼ਰ ਤੋਂ ਉੱਤਰ ਪ੍ਰਦੇਸ਼ ਨੂੰ 4 ਹਿੱਸਿਆਂ ਵਿਚ ਵੰਡਣ ਦੀ ਮੰਗ ਕਰ ਰਹੀ ਹੈ। ਇਸ ਲਈ ਹਾਲ ਹੀ ਵਿਚ ਉਹ ਦਸਤਖਤ ਮੁਹਿੰਮ ਵੀ ਚਲਾ ਚੁੱਕੀ ਹੈ। ਸਾਲ 2011 ਵਿਚ ਮਾਇਆਵਤੀ ਸਰਕਾਰ ਨੇ ਸੂਬੇ ਨੂੰ 4 ਹਿੱਸਿਆਂ— ਪੂਰਵਾਂਚਲ, ਪੱਛਮੀ ਪ੍ਰਦੇਸ਼, ਬੁੰਦੇਲਖੰਡ ਅਤੇ ਅਵਧ ਪ੍ਰਦੇਸ਼ 'ਚ ਵੰਡਣ ਦਾ ਪ੍ਰਸਤਾਵ ਵਿਧਾਨ ਸਭਾ ਵਿਚ ਪਾਸ ਕਰਵਾ ਕੇ ਕੇਂਦਰ ਕੋਲ ਭੇਜਿਆ ਸੀ।
