ਰਾਜੀਵ ਗਾਂਧੀ ਦੀ ‘ਕੌੜੀ ਖੀਰ ਦਾ ਸਵਾਦ’ ਹੁਣ ਕਾਂਗਰਸ ਨੂੰ ਹੀ ਚਖਾ ਰਹੀ ਭਾਜਪਾ
Friday, Mar 08, 2024 - 12:39 PM (IST)
ਨਵੀਂ ਦਿੱਲੀ- ਜਿਸ ਤਰ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ‘ਵਾਰ ਟੀਮ’ ਨੇ 1984 ’ਚ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਵਿਰੋਧੀ ਪਾਰਟੀਆਂ ਦੇ ਲੱਗਭਗ ਸਾਰੇ ਪ੍ਰਮੁੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਸੀ, ਉਸੇ ਤਰ੍ਹਾਂ 2024 ’ਚ ਮੋਦੀ ਸਰਕਾਰ ਵੀ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਹਿਸਾਬ ਲੈ ਰਹੀ ਹੈ। ਕਾਂਗਰਸ ਆਪਣਾ ਟੀਚਾ ਹਾਸਲ ਕਰਨ ਵਿਚ ਉਸ ਸਮੇਂ ਸਫਲ ਰਹੀ, ਜਦੋਂ ਅਟਲ ਬਿਹਾਰੀ ਵਾਜਪਾਈ, ਚੰਦਰਸ਼ੇਖਰ, ਐੱਸ. ਐੱਨ. ਮਿਸ਼ਰਾ, ਰਾਜ ਨਰਾਇਣ ਵਰਗੇ ਕਈ ਵੱਡੇ ਵਿਰੋਧੀ ਨੇਤਾ ਹਾਰ ਗਏ। ਰਾਜੀਵ ਗਾਂਧੀ ਨੇ ਵੱਡੇ ਵਿਰੋਧੀ ਧਿਰ ਦੇ ਨੇਤਾਵਾਂ ਖਿਲਾਫ ਅਮਿਤਾਭ ਬੱਚਨ ਅਤੇ ਮਾਧਵਰਾਵ ਸਿੰਧੀਆ ਵਰਗੇ ਕਈ ਿਫਲਮੀ ਸਿਤਾਰਿਆਂ ਤੇ ਨੌਜਵਾਨ ਚਿਹਰਿਆਂ ਨੂੰ ਖੜ੍ਹਾ ਕੀਤਾ ਸੀ। ਹੁਣ ਭਾਜਪਾ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹਰ ਲੋਕ ਸਭਾ ਸੀਟ ਨੂੰ ਮਾਈਕ੍ਰੋਸਕੋਪ ਰਾਹੀਂ ਜਾਂਚ ਰਹੀ ਹੈ। ਵਿਰੋਧੀ ਪਾਰਟੀਆਂ ਆਪਣੀ ਚਮੜੀ ਬਚਾਉਣ ਲਈ ਢੁੱਕਵੀਂ ਸਾਵਧਾਨੀ ਵਰਤ ਰਹੀਆਂ ਹਨ। 2019 ਵਿਚ ਅਮੇਠੀ ਵਿਚ ਰਾਹੁਲ ਗਾਂਧੀ ਦੀ ਸ਼ਰਮਨਾਕ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ 2024 ਵਿਚ ਰਾਜ ਸਭਾ ਸੀਟ ਬਦਲ ਚੁਣਿਆ ਅਤੇ ਰਾਏਬਰੇਲੀ ਤੋਂ ਚੋਣ ਲੜਨ ਤੋਂ ਪਰਹੇਜ ਕਰ ਰਹੀ ਹੈ। ਇਹ ਅਜੇ ਵੀ ਨਿਰਣਾਇਕ ਤੌਰ ’ਤੇ ਤੈਅ ਨਹੀਂ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ਇਨ੍ਹਾਂ ਦੋਵਾਂ ਸੀਟਾਂ ’ਤੇ ਆਪਣੀ ਕਿਸਮਤ ਅਜ਼ਮਾਉਣਗੇ ਜਾਂ ਪਿੱਛੇ ਹਟ ਜਾਣਗੇ।
ਹਾਈਕਮਾਂਡ ਇਨ੍ਹਾਂ ਦੋਵਾਂ ਹਲਕਿਆਂ ਤੋਂ ਨਵੇਂ ਚਿਹਰਿਆਂ ਨੂੰ ਮੈਦਾਨ ਵਿਚ ਉਤਾਰੇਗੀ। ਇਸੇ ਤਰ੍ਹਾਂ ਸ਼ਤਰੂਘਨ ਸਿਨਹਾ ਦੀ ਪੱਛਮੀ ਬੰਗਾਲ ਦੀ ਆਸਨਸੋਲ ਸੀਟ ਵੀ ਨਿਸ਼ਾਨੇ ’ਤੇ ਹੈ। ਮੋਦੀ ਸ਼ਤਰੂਘਨ ਸਿਨਹਾ ਦੇ ਬੇਟੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਮੁੰਬਈ ਗਏ ਸਨ, ਫਿਰ ਵੀ ਉਨ੍ਹਾਂ ਨੇ ਭਾਜਪਾ ਛੱਡਣ ਦਾ ਬਦਲ ਚੁਣਿਆ ਅਤੇ ਬਾਅਦ ਵਿਚ ਤ੍ਰਿਣਮੂਲ ਵਿਚ ਸ਼ਾਮਲ ਹੋ ਗਏ। ਮੋਦੀ ਸੂਬਿਆਂ ’ਚ ਸਾਰੇ ਰਾਜ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਅਤੇ ਆਪਣੀ ਪਾਰਟੀ ਦੇ ਉਨ੍ਹਾਂ ਨੇਤਾਵਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਜੋ ਸੋਚਦੇ ਹਨ ਕਿ ਟਿਕਟ ਪ੍ਰਾਪਤ ਕਰਨਾ ਉਨ੍ਹਾਂ ਦਾ ਜਨਮ-ਸਿੱਧ ਅਧਿਕਾਰ ਹੈ। 2019 ਵਿਚ ਜਦੋਂ ਰਾਹੁਲ ਗਾਂਧੀ ਅਤੇ ਸ਼ਿਬੂ ਸੋਰੇਨ ਦੀ ਹਾਰ ਹੋਈ ਸੀ, ਓਦੋਂ ਅਮੇਠੀ ਅਤੇ ਦੁਮਕਾ ਉਨ੍ਹਾਂ ਦੇ ਰਾਡਾਰ ’ਤੇ ਸਨ। ਇਸ ਵਾਰ ਰਾਏਬਰੇਲੀ, ਛਿੰਦਵਾੜਾ, ਬਾਰਾਮਤੀ ਅਤੇ ਬੈਂਗਲੁਰੂ ਦਿਹਾਤੀ ਖੇਤਰ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ ਜਿੱਥੋਂ ਡੀ. ਕੇ. ਸ਼ਿਵ ਕੁਮਾਰ ਦੇ ਭਰਾ ਡੀ. ਕੇ. ਸੁਰੇਸ਼ ਮੌਜੂਦਾ ਸੰਸਦ ਮੈਂਬਰ ਹਨ।