ਕਲੈਕਟਰ ਅੰਕਲ ਠੰਡ ਬਹੁਤ ਹੈ, ਸਾਡੇ ਸਕੂਲ ''ਚ ਛੁੱਟੀਆਂ ਕਦੋਂ ਪੈਣਗੀਆਂ?

12/26/2019 5:40:18 PM

ਝੁੰਝਨੂੰ (ਵਾਰਤਾ)— ਰਾਜਸਥਾਨ ਦੇ ਸ਼ੇਖਾਵਾਟੀ ਖੇਤਰ ਵਿਚ ਇਨ੍ਹੀਂ ਦਿਨੀਂ ਰਿਕਾਰਡ ਤੋੜ ਠੰਡ ਦਾ ਕਹਿਰ ਜਾਰੀ ਹੈ। ਠੰਡ ਨਾਲ ਕੰਬਦੇ ਬੱਚੇ ਜ਼ਿਲਾ ਕਲੈਕਟਰ ਨੂੰ ਸਵਾਲ ਕਰਨ ਲੱਗੇ ਹਨ ਕਿ ਸਕੂਲਾਂ ਵਿਚ ਛੁੱਟੀਆਂ ਕਿਉਂ ਨਹੀਂ ਹੋ ਰਹੀਆਂ ਹਨ। ਕੰਬਣੀ ਛੇੜ ਦੇਣ ਵਾਲੀ ਇਸ ਠੰਡ 'ਚ ਜਿੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ, ਉੱਥੇ ਹੀ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਕਾਰਨ ਛੋਟੇ-ਛੋਟੇ ਬੱਚਿਆਂ ਨੂੰ ਕੰਬਦੇ ਹੋਏ ਸਕੂਲ ਜਾਣਾ ਪੈ ਰਿਹਾ ਹੈ।

ਹਾਲਾਂਕਿ ਸਰਕਾਰੀ ਸਕੂਲਾਂ ਵਿਚ ਇਨ੍ਹੀਂ ਦਿਨੀਂ ਸਰਦ ਰੁੱਤ ਦੀਆਂ ਛੁੱਟੀਆਂ ਹਨ ਪਰ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿਚ ਸਰਦ ਰੁੱਤ ਦੀਆਂ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਗਿਆ। ਜਿਸ ਕਾਰਨ ਬੱਚਿਆਂ ਨੂੰ ਸਕੂਲ ਜਾਣਾ ਪੈ ਰਿਹਾ ਹੈ। ਸਵੇਰ ਖੂਨ ਜਮਾਉਣ ਵਾਲੀ ਠੰਡ ਵਿਚ ਸਕੂਲ ਵਾਹਨ ਦੀ ਉਡੀਕ ਕਰਦੇ ਬੱਚਿਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਪ੍ਰਾਈਵੇਟ ਸਕੂਲ ਜਾਂਦੇ ਹਾਂ, ਇਸ ਲਈ ਉਹ ਛੁੱਟੀਆਂ ਨਹੀਂ ਕਰ ਰਹੇ ਹਨ। ਹੁਣ ਤਾਂ ਸਿਰਫ ਕਲੈਕਟਰ ਅੰਕਲ ਹੀ ਕੋਈ ਆਦੇਸ਼ ਦੇ ਕੇ ਸਾਡੀਆਂ ਵੀ ਛੁੱਟੀਆਂ ਕਰਵਾ ਸਕਦੇ ਹਨ।

ਇੱਥੇ ਦੱਸ ਦੇਈਏ ਕਿ ਠੰਡ ਜ਼ਿਆਦਾ ਹੋਣ ਕਾਰਨ 25 ਤੋਂ 31 ਦਸੰਬਰ ਤਕ ਸਰਦ ਰੁੱਤ ਦੀਆਂ ਛੁੱਟੀਆਂ ਜ਼ਰੂਰੀ ਹਨ ਪਰ ਇੱਥੇ ਪ੍ਰਾਈਵੇਟ ਸਕੂਲ ਖੁਦ ਦਾ ਨਿਯਮ ਲਾਗੂ ਕਰ ਰਹੇ ਹਨ। ਇਸ ਸੰਬੰਧ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਅਮਰ ਸਿੰਘ ਪਚਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਛੁੱਟੀਆਂ ਚੱਲ ਰਹੀਆਂ ਹਨ, ਜਿਨ੍ਹਾਂ ਪ੍ਰਾਈਵੇਟ ਸਕੂਲਾਂ ਵਿਚ ਛੁੱਟੀਆਂ ਵਿਚ ਵੀ ਜਮਾਤਾਂ ਲਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਿਕਾਇਤ ਮਿਲਣ 'ਤੇ ਸੰਬੰਧਤ ਸਕੂਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 5 ਦਿਨ ਤਕ ਸਰਦੀ ਦਾ ਕਹਿਰ ਜਾਰੀ ਰਹੇਗਾ।


Tanu

Content Editor

Related News