ਰਾਜਸਥਾਨ: ਭੀਲਵਾੜਾ ’ਚ ਨੌਜਵਾਨ ਦੇ ਕਤਲ ਤੋਂ ਬਾਅਦ ਤਣਾਅ, 24 ਘੰਟਿਆਂ ਲਈ ਇੰਟਰਨੈੱਟ ਬੰਦ

Wednesday, May 11, 2022 - 04:56 PM (IST)

ਰਾਜਸਥਾਨ: ਭੀਲਵਾੜਾ ’ਚ ਨੌਜਵਾਨ ਦੇ ਕਤਲ ਤੋਂ ਬਾਅਦ ਤਣਾਅ, 24 ਘੰਟਿਆਂ ਲਈ ਇੰਟਰਨੈੱਟ ਬੰਦ

ਨੈਸ਼ਨਲ ਡੈਸਕ– ਰਾਜਸਥਾਨ ਦੇ ਭੀਲਵਾੜਾ ਸ਼ਹਿਰ ਦੇ ਸਾਂਗਾਨੇਰ ਕਸਬੇ ’ਚ ਇਕ ਨੌਜਵਾਨ ਦੇ ਕਤਲ ਤੋਂ ਬਾਅਦ ਤਣਾਅ ਵੱਧ ਗਿਆ ਅਤੇ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ, ਤਣਾਅ ਦੇ ਮੱਦੇਨਜ਼ਰ ਖੇਤਰ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪੁਲਸ ਦੇ ਅਧਿਕਾਰੀ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਸਵੇਰੇ 6 ਵਜੇ ਤੋਂ 24 ਘੰਟਿਆਂ ਲਈ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਸਾਂਗਾਨੇਰ ਕਸਬੇ ਦੇ ਸ਼ਾਸਤਰੀ ਨਗਰ ’ਚ ਮੰਗਲਵਾਰ ਦੇਰ ਰਾਤ ਆਦਰਸ਼ ਤਾਪੜੀਆ ’ਤੇ ਦੋ ਵਿਅਕਤੀਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। 

ਗੰਭੀਰ ਰੂਪ ਨਾਲ ਜ਼ਖ਼ਮੀ ਆਦਰਸ਼ ਨੂੰ ਮਹਾਤਮਾ ਗਾਂਧੀ ਹਸਪਤਾਲ ਲਿਜਾਇਆ ਗਿਆ ਪਰ ਉਸਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਉੱਥੇ ਹੀ ਹਿੰਦੀ ਸੰਗਠਨਾਂ ਨੇ ਬੁੱਧਵਾਰ ਨੂੰ ਭੀਲਵਾੜਾ ਬੰਦ ਦੀ ਅਪੀਲ ਕੀਤੀ ਹੈ। 

ਭਾਜਪਾ ਨੇ ਬੰਦ ਦਾ ਸਮਰਥਨ ਕੀਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਹਿਣਾ ਹੈ ਕਿ ਭੀਲਵਾੜਾ ’ਚ ਲਗਾਤਾਰ ਫਿਰਕੂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਦੋਂ ਤਕ ਪੁਲਸ ਇਸ ਮਾਮਲੇ ’ਚ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਅਤੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਨਹੀਂ ਦਿੱਤੀ ਜਾਂਦੀ ਉਦੋਂ ਤਕ ਲਾਸ਼ ਨਹੀਂ ਚੁੱਕੀ ਜਾਵੇਗੀ। ਇਸ ਮਾਮਲੇ ’ਚ ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ ’ਚ ਲਿਆ ਹੈ।


author

Rakesh

Content Editor

Related News