ਜਬਰ-ਜ਼ਨਾਹ ਮਾਮਲੇ ’ਚ ਰਾਜਸਥਾਨ ਨੰਬਰ-1

Thursday, Sep 16, 2021 - 10:32 AM (IST)

ਜਬਰ-ਜ਼ਨਾਹ ਮਾਮਲੇ ’ਚ ਰਾਜਸਥਾਨ ਨੰਬਰ-1

ਨਵੀਂ ਦਿੱਲੀ (ਅਨਸ)– ਰਾਜਸਥਾਨ ’ਚ ਸਾਲ 2020 ਵਿਚ ਸਭ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲੇ ਦਰਜ ਕੀਤੇ ਗਏ ਹਨ। ਰਾਜਸਥਾਨ ਤੋਂ ਬਾਅਦ ਸੂਚੀ ਵਿਚ ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ। ਇਨ੍ਹਾਂ ਦੋਵਾਂ ਸੂਬਿਆਂ ਵਿਚ ਜਬਰ-ਜ਼ਨਾਹ ਵਰਗੇ ਖਤਰਨਾਕ ਅਪਰਾਧਾਂ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਕੁੱਲ ਮਾਮਲਿਆਂ ਵਿਚੋਂ ਲਗਭਗ 30 ਫੀਸਦੀ ਮਾਮਲੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਦਰਜ ਕੀਤੇ ਗਏ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਸਾਲ 2020 ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਸਾਲ 2020 ’ਚ ਪੂਰੇ ਦੇਸ਼ ’ਚ ਜਬਰ-ਜ਼ਨਾਹ ਦੇ ਕੁੱਲ 28,046 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ ਇਕੱਲੇ ਰਾਜਸਥਾਨ ’ਚ ਕੁੱਲ 5310 ਮਾਮਲੇ ਦਰਜ ਹੋਏ, ਜਦਕਿ ਉੱਤਰ ਪ੍ਰਦੇਸ਼ ’ਚ ਇਹ ਗਿਣਤੀ 2769 ਰਹੀ। ਐੱਨ. ਸੀ. ਆਰ. ਬੀ. ਦੀ ਰਿਪੋਰਟ ਅਨੁਸਾਰ 18 ਸਾਲਾਂ ਤੋਂ ਘੱਟ ਉਮਰ ਦੀਆਂ ਜਬਰ-ਜ਼ਨਾਹ ਪੀੜਤਾਂ ਦੀ ਗਿਣਤੀ ਦੇਸ਼ ’ਚ 2640 ਰਹੀ, ਜਦਕਿ 18 ਸਾਲਾਂ ਤੋਂ ਉਪਰ ਦੀਆਂ ਪੀੜਤਾਂ ਦੀ ਗਿਣਤੀ 25,406 ਰਹੀ।

ਓਧਰ ਸਭ ਤੋਂ ਜ਼ਿਆਦਾ ਮਾਮਲਿਆਂ ਵਾਲੇ ਰਾਜਸਥਾਨ ’ਚ 18 ਸਾਲਾਂ ਤੋਂ ਘੱਟ ਉਮਰ ਦੀਆਂ ਪੀੜਤਾਂ ਦੀ ਗਿਣਤੀ 1279 ਰਹੀ, ਜਦਕਿ 18 ਸਾਲਾਂ ਤੋਂ ਵੱਧ ਉਮਰ ਵਾਲੀਆਂ ਪੀੜਤਾਂ ਦੀ ਗਿਣਤੀ 4031 ਰਹੀ। ਰਿਪੋਰਟ ਅਨੁਸਾਰ ਰਾਜਸਥਾਨ ’ਚ ਅੱਧੇ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲਿਆਂ ’ਚ ਅਪਰਾਧੀ ਕਥਿਤ ਤੌਰ ’ਤੇ ਪਰਿਵਾਰਕ ਮਿੱਤਰ, ਗੁਆਂਢੀ, ਕਰਮਚਾਰੀ ਜਾਂ ਹੋਰ ਜਾਣੂ ਲੋਕ ਸਨ।

ਸਭ ਤੋਂ ਜ਼ਿਆਦਾ ਜਬਰ-ਜ਼ਨਾਹ ਮਾਮਲਿਆਂ ਵਾਲੇ 5 ਸੂਬੇ

ਰਾਜਸਥਾਨ 5,310

ਉੱਤਰ ਪ੍ਰਦੇਸ਼ 2,769

ਮੱਧ ਪ੍ਰਦੇਸ਼ 2,339

ਮਹਾਰਾਸ਼ਟਰ 2,061

ਆਸਾਮ 1,657

ਸਭ ਤੋਂ ਘੱਟ ਜਬਰ-ਜ਼ਨਾਹ ਵਾਲੇ ਸੂਬੇ

ਨਾਗਾਲੈਂਡ 4

ਸਿੱਕਮ 12

ਮਨੀਪੁਰ 32

ਮਿਜ਼ੋਰਮ 33

ਗੋਆ, ਅਰੁਣਾਚਲ ਪ੍ਰਦੇਸ਼ 60

ਕੇਂਦਰ ਸ਼ਾਸਿਤ ਸੂਬਿਆਂ ’ਚ ਦਿੱਲੀ ’ਚ ਸਭ ਤੋਂ ਵੱਧ ਮਾਮਲੇ

ਦਿੱਲੀ 997

ਜੰਮੂ-ਕਸ਼ਮੀਰ 243

ਚੰਡੀਗੜ੍ਹ 60

ਪੁੱਡੂਚੇਰੀ 08

ਦਮਨ ਦੀਵ 04

ਲਕਸ਼ਦੀਪ 03

ਲੱਦਾਖ 02

ਅੰਡੇਮਾਨ-ਨਿਕੋਬਾਰ 02


author

Tanu

Content Editor

Related News