ਭਜਨਲਾਲ ਨੇ ਬਦਲਿਆ ਗਹਿਲੋਤ ਦਾ ਇਕ ਹੋਰ ਫੈਸਲਾ, PM ਮੋਦੀ ਸਾਹਮਣੇ ਬਦਲਿਆ ''ਇੰਦਰਾ ਰਸੋਈ ਯੋਜਨਾ'' ਦਾ ਨਾਮ
Saturday, Jan 06, 2024 - 02:36 PM (IST)
ਜੈਪੁਰ— ਰਾਜਸਥਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ 'ਇੰਦਰਾ ਰਸੋਈ ਯੋਜਨਾ' ਦਾ ਨਾਂ ਬਦਲ ਦਿੱਤਾ ਹੈ। ਹੁਣ ਇਹ ਯੋਜਨਾ 'ਸ਼੍ਰੀ ਅੰਨਪੂਰਨਾ ਰਸੋਈ ਯੋਜਨਾ' ਦੇ ਨਾਂ ਨਾਲ ਜਾਣੀ ਜਾਵੇਗੀ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਇੱਥੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਇਹ ਐਲਾਨ ਕੀਤਾ ਅਤੇ ਕਿਹਾ ਕਿ ਪੁਰਾਣੀ ਯੋਜਨਾ ਵਿੱਚ ਕਈ ਖਾਮੀਆਂ ਸਨ।
ਇਹ ਸਕੀਮ ਵਸੁੰਧਰਾ ਦੇ ਸ਼ਾਸਨਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ
ਅੰਨਪੂਰਨਾ ਯੋਜਨਾ ਦੇ ਨਾਂ ਨਾਲ ਇਹ ਯੋਜਨਾ ਵਸੁੰਧਰਾ ਰਾਜੇ ਦੇ ਸ਼ਾਸਨਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ। ਫਿਰ ਗਹਿਲੋਤ ਸਰਕਾਰ ਨੇ ਵਸੁੰਧਰਾ ਸਰਕਾਰ ਦੀ ਅੰਨਪੂਰਨਾ ਯੋਜਨਾ ਦਾ ਨਾਂ ਬਦਲ ਕੇ 5 ਰੁਪਏ 'ਚ ਨਾਸ਼ਤਾ ਅਤੇ 8 ਰੁਪਏ 'ਚ ਖਾਣਾ ਇੰਦਰਾ ਰਸੋਈ ਰੱਖ ਦਿੱਤਾ। ਗਹਿਲੋਤ ਸਰਕਾਰ ਦੌਰਾਨ ਜਦੋਂ ਇਸ ਦਾ ਨਾਂ ਬਦਲ ਕੇ ਇੰਦਰਾ ਰਸੋਈ ਯੋਜਨਾ ਰੱਖਿਆ ਗਿਆ ਤਾਂ ਭਾਜਪਾ ਨੇ ਹੰਗਾਮਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਯੋਜਨਾ ਦਾ ਨਾਂ ਬਦਲਣ ਦੀ ਕੀ ਲੋੜ ਸੀ। ਹੁਣ ਇਕ ਵਾਰ ਫਿਰ ਇਸ ਯੋਜਨਾ ਦਾ ਨਾਂ ਬਦਲ ਕੇ ਸ਼੍ਰੀ ਅੰਨਪੂਰਨਾ ਰਸੋਈ ਯੋਜਨਾ ਕਰ ਦਿੱਤਾ ਗਿਆ ਹੈ।
ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਜੈਪੁਰ ਆਏ ਹਨ ਪੀਐੱਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸ਼ਾਮ ਨੂੰ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਜੈਪੁਰ ਪਹੁੰਚੇ ਸਨ। ਇਹ ਰਿਪੋਰਟ ਦਰਜ ਕਰਨ ਸਮੇਂ ਮੋਦੀ ਜੈਪੁਰ ਦੇ ਆਪਣੇ ਤਿੰਨ ਦਿਨਾਂ ਦੌਰੇ ਦੇ ਪਹਿਲੇ ਦਿਨ ਰਾਜਸਥਾਨ ਦੇ ਭਾਜਪਾ ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ, ਜਿਸ ਕਾਰਨ ਅਟਕਲਾਂ ਸ਼ੁਰੂ ਹੋ ਗਈਆਂ। ਮੋਦੀ ਨੇ ਬਾਅਦ ਵਿੱਚ ਪਾਰਟੀ ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਡਿਨਰ ਕੀਤਾ, ਜਿੱਥੇ ਬਾਜਰੇ ਤੋਂ ਬਣੇ ਪਕਵਾਨ ਪਰੋਸੇ ਗਏ।
ਪਾਰਟੀ ਆਗੂਆਂ ਨੂੰ ਰਾਮ ਮੰਦਰ ਦਾ ਸੱਦਾ ਵੰਡਿਆ ਜਾ ਸਕਦਾ ਹੈ
ਪੀਐੱਮ ਮੋਦੀ ਅੱਜ ਰਾਜਸਥਾਨ ਇੰਟਰਨੈਸ਼ਨਲ ਸੈਂਟਰ ਵਿੱਚ ਚੱਲ ਰਹੀ ਡੀਜੀ-ਆਈਜੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਪਾਰਟੀ ਵਿਧਾਇਕਾਂ ਅਤੇ ਅਹੁਦੇਦਾਰਾਂ ਨਾਲ ਵੀ ਮੀਟਿੰਗ ਕਰਨਗੇ ਅਤੇ ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਨ੍ਹਾਂ ਨੂੰ ਕੰਮ ਸੌਂਪਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਪਾਰਟੀ ਨੇਤਾਵਾਂ ਨੂੰ ਸੱਦਾ ਪੱਤਰ ਵੀ ਵੰਡ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।