ਰਾਜਸਥਾਨ ’ਚ ਸਿਆਸੀ ਸੰਕਟ ਬਰਕਰਾਰ, ਗਹਿਲੋਤ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ ’ਚੋਂ ਬਾਹਰ!
Tuesday, Sep 27, 2022 - 10:07 AM (IST)
ਨਵੀਂ ਦਿੱਲੀ- ਰਾਜਸਥਾਨ ’ਚ ਕਾਂਗਰਸ ਦਾ ਸਿਆਸੀ ਸੰਕਟ ਖ਼ਤਮ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮਰਥਕ ਧੜੇ ਨੇ ਜੋ ਸ਼ਰਤਾਂ ਰੱਖੀਆਂ ਹਨ, ਉਸ ਤੋਂ ਚੋਣ ਆਬਜ਼ਰਵਰ ਮੱਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਨਾਰਾਜ਼ ਹਨ। ਉਨ੍ਹਾਂ ਨੇ ਸਾਰੇ ਘਟਨਾਕ੍ਰਮ ਤੋਂ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਣੂ ਕਰਵਾ ਦਿੱਤਾ ਹੈ। ਉਸ ਤੋਂ ਬਾਅਦ ਹਾਈਕਮਾਂਡ ਵੀ ਗਹਿਲੋਤ ਤੋਂ ਕਾਫੀ ਨਾਰਾਜ਼ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰਾਜਸਥਾਨ ਕਾਂਗਰਸ ’ਚ ਘਮਾਸਾਨ, ਪਾਇਲਟ ਦੀ CM ਵਜੋਂ ਦਾਅਵੇਦਾਰੀ ਖ਼ਿਲਾਫ਼ 92 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ
ਇਸ ਹੰਗਾਮੇ ਦਰਮਿਆਨ ਖਬਰ ਇਹ ਹੈ ਕਿ ਅਸ਼ੋਕ ਗਹਿਲੋਤ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਤੋਂ ਬਾਹਰ ਕੀਤਾ ਜਾ ਸਕਦਾ ਹੈ। ਰਾਜਸਥਾਨ ਤੋਂ ਪਰਤਣ ਤੋਂ ਬਾਅਦ 10 ਜਨਪਥ ’ਚ ਸੋਨੀਆ ਗਾਂਧੀ ਨੂੰ ਮਿਲਣ ਮੱਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਗਏ ਸਨ। ਉੱਥੇ ਇਕ ਮੀਟਿੰਗ ਸੱਦੀ ਗਈ, ਜਿਸ ’ਚ ਕੇ. ਸੀ. ਵੇਣੂਗੋਪਾਲ ਅਤੇ ਦਿਗਵਿਜੇ ਸਿੰਘ ਵੀ ਸ਼ਾਮਲ ਹੋਏ। ਸੂਤਰਾਂ ਮੁਤਾਬਕ ਸਾਰਿਆਂ ਨੇ ਇਕ ਸੁਰ ’ਚ ਅਸ਼ੋਕ ਗਹਿਲੋਤ ਦੀ ਉਮੀਦਵਾਰੀ ਰੱਦ ਕਰਨ ਦੀ ਗੱਲ ਕੀਤੀ।
ਸੋਨੀਆ ਗਾਂਧੀ ਨੇ ਮੱਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਤੋਂ ਲਿਖਤੀ ਰਿਪੋਰਟ ਤਲਬ ਕੀਤੀ ਹੈ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨਾਲ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਜੈਪੁਰ ’ਚ ਵਿਧਾਇਕ ਦਲ ਦੀ ਮੀਟਿੰਗ ਨਾ ਹੋ ਸਕਣ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਮਰਥਕ ਵਿਧਾਇਕਾਂ ਦੇ ਬਾਗੀ ਰੁਖ ਅਪਨਾਉਣ ਤੋਂ ਬਾਅਦ ਖੜਗੇ ਅਤੇ ਮਾਕਨ ਸੋਮਵਾਰ ਨੂੰ ਦਿੱਲੀ ਪਰਤ ਆਏ। ਸੋਨੀਆ ਗਾਂਧੀ ਨਾਲ ਡੇਢ ਘੰਟੇ ਤੋਂ ਵੱਧ ਚੱਲੀ ਮੁਲਾਕਾਤ ਤੋਂ ਬਾਅਦ ਮਾਕਨ ਨੇ ਕਿਹਾ ਕਿ ਐਤਵਾਰ ਸ਼ਾਮ ਜੈਪੁਰ ’ਚ ਵਿਧਾਇਕ ਦਲ ਦੀ ਮੀਟਿੰਗ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਹਿਮਤੀ ਨਾਲ ਬੁਲਾਈ ਗਈ ਸੀ।
ਇਹ ਵੀ ਪੜ੍ਹੋ- PFI ਨੂੰ ਲੈ ਕੇ ਵੱਡਾ ਖ਼ੁਲਾਸਾ; ਭਾਰਤ ਨੂੰ 2047 ਤੱਕ ਇਸਲਾਮਿਕ ਸਟੇਟ ਬਣਾਉਣਾ ਸੀ ਮਕਸਦ
ਮਾਕਨ ਨੇ ਕਿਹਾ, ‘‘ਕਾਂਗਰਸ ਵਿਧਾਇਕ ਦਲ ਦੀ ਬੀਤੀ ਸ਼ਾਮ ਜੋ ਬੈਠਕ ਹੋਈ ਸੀ, ਉਹ ਉਨ੍ਹਾਂ (ਮੁੱਖ ਮੰਤਰੀ) ਦੇ ਕਹਿਣ ’ਤੇ ਅਤੇ ਉਨ੍ਹਾਂ ਦੀ ਸਹਿਮਤੀ ਦੇ ਆਧਾਰ ’ਤੇ ਅਤੇ ਉਨ੍ਹਾਂ ਵੱਲੋਂ ਦੱਸੇ ਗਏ ਸਥਾਨ ’ਤੇ ਰੱਖੀ ਗਈ ਸੀ। ਕਾਂਗਰਸ ਪ੍ਰਧਾਨ ਦਾ ਇਹ ਹੁਕਮ ਸੀ ਕਿ ਹਰੇਕ ਵਿਧਾਇਕ ਦੀ ਵੱਖ-ਵੱਖ ਰਾਏ ਜਾਣ ਕੇ ਰਿਪੋਰਟ ਦਿੱਤੀ ਜਾਵੇ। ਸਾਰਿਆਂ ਨਾਲ ਗੱਲ ਕਰ ਕੇ ਫੈਸਲਾ ਹੁੰਦਾ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਦ ਕਾਂਗਰਸ ਵਿਧਾਇਕ ਦਲ ਦੀ ਰਸਮੀ ਬੈਠਕ ਕੀਤੀ ਜਾਂਦੀ ਹੈ ਤਾਂ ਉਸ ਦੇ ਬਰਾਬਰ ਕੋਈ ਵੀ ਬੈਠਕ ਸੱਦੀ ਜਾਂਦੀ ਹੈ ਤਾਂ ਉਹ ਪਹਿਲੀ ਨਜ਼ਰੇ ਅਨੁਸ਼ਾਸਨਹੀਣਤਾ ਹੈ। ਇਹ ਗੱਲ ਅਸੀਂ ਕਾਂਗਰਸ ਪ੍ਰਧਾਨ ਦੇ ਸਾਹਮਣੇ ਰੱਖੀ ਹੈ।
ਪ੍ਰਧਾਨ ਅਹੁਦੇ ਦੀ ਦੌੜ ’ਚ ਮੁਕੁਲ, ਖੜਗੇ, ਦਿਗਵਿਜੇ ਸਿੰਘ ਤੇ ਵੇਣੂਗੋਪਾਲ ਸ਼ਾਮਲ
ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ’ਚ ਹੁਣ 4 ਨਵੇਂ ਨਾਂ ਜੁੜ ਗਏ ਹਨ, ਜਿਨ੍ਹਾਂ ’ਚ ਮੁਕੁਲ ਵਾਸਨਿਕ, ਮੱਲਿਕਾਰਜੁਨ ਖੜਗੇ, ਦਿਗਵਿਜੇ ਸਿੰਘ ਅਤੇ ਕੇ. ਸੀ. ਵੇਣੂਗੋਪਾਲ ਸ਼ਾਮਲ ਹਨ। ਇਹ ਸਾਰੇ ਸੋਨੀਆ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਦਰਅਸਲ, ਕਾਂਗਰਸ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਪੰਜਾਬ ਗੁਆਇਆ ਹੈ, ਉਸੇ ਤਰ੍ਹਾਂ ਰਾਜਸਥਾਨ ਨੂੰ ਗੁਆ ਦੇਵੇ, ਕਿਉਂਕਿ ਕਾਂਗਰਸ ਲਈ ਇਹ ਸਭ ਤੋਂ ਵੱਡਾ ਸੂਬਾ ਹੈ।
ਇਹ ਵੀ ਪੜ੍ਹੋ- ਗੋਲਡੀ ਬਰਾੜ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਬਿਸ਼ਨੋਈ ਗੈਂਗ ਲਈ ਸ਼ੁਰੂ ਕੀਤੀ ਭਰਤੀ
ਗਹਿਲੋਤ ਸਮਰਥਕ ਧੜੇ ਨੇ ਰੱਖੀਆਂ 3 ਸ਼ਰਤਾਂ
ਅਜੇ ਮਾਕਨ ਦੇ ਅਨੁਸਾਰ, “ਕੁਝ ਵਿਧਾਇਕਾਂ (ਗਹਲੋਤ ਸਮਰਥਕ) ਦੇ ਨੁਮਾਇੰਦੇ ਸਾਡੇ ਕੋਲ ਆਏ ਅਤੇ ਤਿੰਨ ਸ਼ਰਤਾਂ ਰੱਖੀਆਂ ਗਈਆਂ।
1. ਜੋ ਵੀ ਪ੍ਰਸਤਾਵ ਹੋਵੇ, ਉਸ ’ਤੇ ਫੈਸਲਾ 19 ਅਕਤੂਬਰ ਤੋਂ ਬਾਅਦ ਕੀਤਾ ਜਾਵੇਗਾ।
2. ਵਿਧਾਇਕਾਂ ਨੂੰ ਵੱਖ-ਵੱਖ ਨਹੀਂ, ਸਮੂਹ ’ਚ ਮਿਲਿਆ ਜਾਵੇ।
3. ਅਸ਼ੋਕ ਗਹਿਲੋਤ ਦੇ ਵਫ਼ਾਦਾਰ 102 ਵਿਧਾਇਕਾਂ ’ਚੋਂ ਇਕ ਨੂੰ ਮੁੱਖ ਮੰਤਰੀ ਬਣਾਇਆ ਜਾਵੇ।
ਗਹਿਲੋਤ ਦੇ ਵਫਾਦਾਰ ਸ਼ਾਂਤੀ ਧਾਰੀਵਾਲ ਦਾ ਵੀਡੀਓ ਵਾਇਰਲ :
ਮੁੱਖ ਮੰਤਰੀ ਗਹਿਲੋਤ ਦੇ ਵਫ਼ਾਦਾਰ ਕੱਦਾਵਰ ਮੰਤਰੀ, ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਦੇ ਘਰ ਐਤਵਾਰ ਰਾਤ ਹੋਈ ਮੀਟਿੰਗ ਦਾ ਵੀਡੀਓ ਵਾਇਰਲ ਹੋਇਆ। ਇਸ ’ਚ ਧਾਰੀਵਾਲ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੇ ਅਸ਼ੋਕ ਗਹਿਲੋਤ ਨੂੰ ਬਦਲਿਆ ਗਿਆ ਤਾਂ ਕਾਂਗਰਸ ਨੂੰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ- ਚੋਟੀ ਦੀ ਕਾਂਗਰਸ ਲੀਡਰਸ਼ਿਪ 1 ਕਦਮ ਅੱਗੇ ਵਧਾਉਂਦੀ ਹੈ ਤਾਂ ਹੋਰ ਨੇਤਾ 2 ਕਦਮ ਪਿੱਛੇ ਖਿੱਚ ਲੈਂਦੇ ਹਨ
ਧਾਰੀਵਾਲ ਨੇ ਕਿਹਾ ਕਿ ਹਾਈਕਮਾਂਡ ’ਚ ਬੈਠਾ ਕੋਈ ਵਿਅਕਤੀ ਇਹ ਦੱਸੇ ਕਿ ਅਸ਼ੋਕ ਗਹਿਲੋਤ ਕੋਲ ਕਿਹੜੇ ਦੋ ਅਹੁਦੇ ਹਨ, ਜੋ ਉਨ੍ਹਾਂ ਤੋਂ ਅਸਤੀਫਾ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਕੋਲ ਸਿਰਫ਼ ਮੁੱਖ ਮੰਤਰੀ ਦਾ ਅਹੁਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਕੋਈ ਹੋਰ ਅਹੁਦਾ ਮਿਲੇਗਾ ਉਦੋਂ (ਅਸਤੀਫੇ ਦੀ) ਕੋਈ ਗੱਲ ਉੱਠੇਗੀ।
ਉਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਉਹ ਸੰਭਲ ਜਾਣ ਤਾਂ ਰਾਜਸਥਾਨ ਬਚ ਜਾਵੇਗਾ, ਨਹੀਂ ਤਾਂ ਰਾਜਸਥਾਨ ਵੀ ਹੱਥੋਂ ਨਿਕਲ ਜਾਵੇਗਾ। ਇਸ ਦਰਮਿਆਨ ਕਈ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਪਾਰਟੀ ਹਾਈਕਮਾਂਡ ਪ੍ਰਤੀ ਵਫ਼ਾਦਾਰੀ ਪ੍ਰਗਟਾਈ ਹੈ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਸੂਬੇ ’ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਸੁਣੀ ਜਾਵੇ।