ਰਾਜਸਥਾਨ ''ਚ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਨੇ ਵਿਸ਼ਵਾਸ ਮਤ ਜਿੱਤਿਆ

08/14/2020 5:59:30 PM

ਜੈਪੁਰ- ਰਾਜਸਥਾਨ 'ਚ ਕਰੀਬ ਇਕ ਮਹੀਨੇ ਚੱਲੇ ਸਿਆਸੀ ਘਮਾਸਾਨ ਤੋਂ ਬਾਅਦ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਵਿਸ਼ਵਾਸ ਮਤ (ਵੋਟ) ਜਿੱਤ ਲਿਆ। ਸਦਨ ਨੇ ਸਰਕਾਰ ਵਲੋਂ ਲਿਆਂਦ ਗਏ ਵਿਸ਼ਵਾਸ ਮਤ ਪ੍ਰਸਤਾਵ ਨੂੰ ਆਵਾਜ਼ ਵੋਟ ਨਾਲ ਪਾਸ ਕਰ ਦਿੱਤਾ। ਪ੍ਰਸਤਾਵ 'ਤੇ ਆਪਣਾ ਜਵਾਬ ਦਿੰਦੇ ਹੋਏ ਗਹਿਲੋਤ ਨੇ ਵਿਰੋਧੀ ਧਿਰ ਵਲੋਂ ਲਿਆਂਦੇ ਗਏ ਕਈ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ,''ਕਈ ਦੋਸ਼ਾਂ ਨੂੰ ਮੈਂ ਅਸਵੀਕਾਰ ਕਰਦਾ ਹਾਂ। ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਨਾਲ ਨਜਿੱਠਣ 'ਚ ਰਾਜਸਥਾਨ ਦੀ ਸ਼ਲਾਘਾ ਦੇਸ਼-ਦੁਨੀਆ ਨੇ ਕੀਤੀ ਹੈ।'' ਗਹਿਲੋਤ ਨੇ ਦੋਸ਼ ਲਗਾਇਆ,''ਭਾਜਪਾ ਅਤੇ ਕੇਂਦਰ ਦੀ ਸਰਕਾਰ ਨੇ ਉਨ੍ਹਾਂ ਦੀ ਸਰਕਾਰ ਨੂੰ ਸੁੱਟਣ ਦੀ ਯੋਜਨਾ ਰਚੀ ਪਰ ਕਾਂਗਰਸ ਦੇ ਕੁਨਬੇ 'ਚ ਫੁੱਟ ਪਾਉਣ ਦੇ ਉਨ੍ਹਾਂ ਦੇ ਸੁਫ਼ਨੇ ਕਦੇ ਪੂਰੇ ਨਹੀਂ ਹੋਣਗੇ।''

ਵਿਰੋਧੀ ਭਾਜਪਾ ਵੱਲ ਇਸ਼ਾਰਾ ਕਰਦੇ ਹੋਏ ਗਹਿਲੋਤ ਨੇ ਕਿਹਾ,''ਤੁਹਾਡੇ ਹਾਈ ਕਮਾਨ ਨੇ ਤੈਅ ਕਰ ਰੱਖਿਆ ਹੈ ਕਿ ਰਾਜਸਥਾਨ ਸਰਕਾਰ ਨੂੰ ਸੁੱਟ ਕੇ ਰਹਾਂਗੇ ਤਾਂ ਮੈਂ ਤੈਅ ਕਰ ਰੱਖਿਆ ਹੈ ਕਿ ਕਿਸੇ ਵੀ ਕੀਮਤ 'ਤੇ ਡਿੱਗਣ ਨਹੀਂ ਦੇਵਾਂਗਾ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ 'ਚ 2 ਲੋਕ ਹੀ ਰਾਜ ਕਰ ਰਹੇ ਹਨ। ਗਹਿਲੋਤ ਨੇ ਕਿਹਾ,''ਦੇਸ਼ 'ਚ ਲੋਕਤੰਤਰ ਖਤਰੇ 'ਚ ਹੈ, ਜਿਸ ਦੀ ਚਿੰਤਾ ਸਾਨੂੰ ਸਾਰਿਆਂ ਨੂੰ ਹੋਣੀ ਚਾਹੀਦੀ ਹੈ।'' ਪ੍ਰਸਤਾਵ 'ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਕਈ ਵਾਰ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਦਰਮਿਆਨ ਚੱਲੇ ਘਮਾਸਾਨ 'ਤੇ ਤੰਜ਼ ਕੱਸਣ ਦਾ ਜ਼ਿਕਰ ਕਰਦੇ ਹੋਏ ਗਹਿਲੋਤ ਨੇ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਿਆ। ਉਨ੍ਹਾਂ ਨੇ ਕਿਹਾ,''ਭਾਜਪਾ ਵਾਲੇ ਕੌਣ ਹੁੰਦੇ ਹਨ, ਸਾਡੀ ਪਾਰਟੀ ਬਾਰੇ ਬੋਲਣ ਵਾਲੇ। ਇਹ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ।'' 

ਵਿਧਾਇਕਾਂ ਦੇ ਫੋਨ ਟੈਪ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਗਹਿਲੋਤ ਨੇ ਕਿਹਾ,''ਸਾਡੇ ਇੱਥੇ ਕੋਈ ਫੋਨ ਟੈਪ ਨਹੀਂ ਹੁੰਦਾ। ਮੈਂ ਤਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ।'' ਮੁੱਖ ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਸਰਕਾਰ ਦੇ ਵਿਸ਼ਵਾਸ ਮਤ ਪ੍ਰਸਤਾਵ ਨੂੰ ਆਵਾਜ਼ ਵੋਟ ਨਾਲ ਸਵੀਕਾਰ ਕਰ ਲਿਆ। ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਨੇ ਸਦਨ ਵਲੋਂ ਮੰਤਰੀ ਪ੍ਰੀਸ਼ਦ 'ਚ ਵਿਸ਼ਵਾਸ ਜ਼ਾਹਰ ਕਰਨ ਦਾ ਪ੍ਰਸਤਾਵ ਸਵੀਕਾਰ ਕੀਤੇ ਜਾਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 21 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸੰਸਦੀ ਕਾਰਜ ਮੰਤਰੀ ਸ਼ਾਂਤੀ ਧਾਰੀਵਾਲ ਨੇ ਸਰਕਾਰ ਵਲੋਂ ਵਿਸ਼ਵਾਸ ਮਤ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਰਾਜਸਥਾਨ 'ਚ ਨਾ ਕਿਸੇ ਸ਼ਾਹ ਦੀ ਚੱਲਦੀ ਹੈ ਅਤੇ ਨਾ ਤਾਨਾਸ਼ਾਹ ਦੀ।''


DIsha

Content Editor

Related News