''ਮਹਾਯੁਤੀ ਨੂੰ ਉਨ੍ਹਾਂ ਦੀ ਲੋੜ ਨਹੀਂ'', ਰਾਮਦਾਸ ਅਠਵਲੇ ਨੇ ਰਾਜ ਠਾਕਰੇ ਨੂੰ ਲੈ ਕੇ ਆਖ''ਤੀ ਵੱਡੀ ਗੱਲ
Sunday, Dec 08, 2024 - 07:51 PM (IST)
ਮੁੰਬਈ, (ਭਾਸ਼ਾ)- ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਨਵਨਿਰਮਾਣ ਸੇਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਸਾਰਥਕਤਾ ਗੁਆ ਚੁੱਕੇ ਹਨ ਤੇ ਸੱਤਾਧਾਰੀ ਮਹਾਯੁਤੀ ਗੱਠਜੋੜ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ।
ਰਿਪਬਲੀਕਨ ਪਾਰਟੀ ਆਫ ਇੰਡੀਆ (ਏ) ਦੇ ਮੁਖੀ ਅਠਾਵਲੇ ਨੇ ਐਤਵਾਰ ਕਿਹਾ ਕਿ ਰਾਜ ਠਾਕਰੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਤੋਂ ਬਿਨਾਂ ਸੱਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਮੇਰੇ ਗੱਠਜੋੜ ’ਚ ਸ਼ਾਮਲ ਹੋਣ ਕਾਰਨ ਰਾਜ ਠਾਕਰੇ ਲਈ ਹੁਣ ਇੱਥੇ ਕੋਈ ਥਾਂ ਨਹੀਂ ਰਹੀ। ਉਹ ਆਪਣੀ ਰਣਨੀਤੀ ਤੇ ਪਾਰਟੀ ਦੇ ਝੰਡੇ ਦਾ ਰੰਗ ਬਦਲਦੇ ਰਹਿੰਦੇ ਹਨ। ਇਹ ਉਨ੍ਹਾਂ ਦੀ ਘਟਦੀ ਪ੍ਰਾਸੰਗਿਕਤਾ ਨੂੰ ਦਰਸਾਉਂਦਾ ਹੈ।
ਅਠਾਵਲੇ ਦੀ ਪਾਰਟੀ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ ਦਾ ਹਿੱਸਾ ਹੈ।
ਮਹਾਰਾਸ਼ਟਰ ਵਿਧਾਨ ਸਭਾ ਲਈ 20 ਨਵੰਬਰ ਨੂੰ ਹੋਈਆਂ ਚੋਣਾਂ ’ਚ ‘ਮਨਸੇ’ ਇਕ ਵੀ ਸੀਟ ਜਿੱਤਣ ’ਚ ਅਸਫਲ ਰਹੀ ਹੈ। ਪਾਰਟੀ ਮੁਖੀ ਰਾਜ ਠਾਕਰੇ ਦੇ ਪੁੱਤਰ ਅਮਿਤ ਠਾਕਰੇ ਨੂੰ ਵੀ ਮੁੰਬਈ ਦੇ ਇਕ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।