ਕਸ਼ਮੀਰ ਘਾਟੀ ਤੇ ਹਿਮਾਚਲ ’ਚ ਮੀਂਹ ਦੇ ਨਾਲ ਗੜੇਮਾਰੀ, ਪੰਜਾਬ ’ਚ ਅੱਜ ਪੈ ਸਕਦਾ ਮੀਂਹ

Monday, Feb 19, 2024 - 09:56 AM (IST)

ਕਸ਼ਮੀਰ ਘਾਟੀ ਤੇ ਹਿਮਾਚਲ ’ਚ ਮੀਂਹ ਦੇ ਨਾਲ ਗੜੇਮਾਰੀ, ਪੰਜਾਬ ’ਚ ਅੱਜ ਪੈ ਸਕਦਾ ਮੀਂਹ

ਸ਼੍ਰੀਨਗਰ/ਸ਼ਿਮਲਾ/ਜਲੰਧਰ (ਏਜੰਸੀਆਂ, ਸੰਤੋਸ਼, ਪੁਨੀਤ)- ਪੰਜਾਬ ’ਚ ਮੌਸਮ ਬਦਲਣ ਲੱਗਾ ਹੈ ਅਤੇ ਤਾਪਮਾਨ ’ਚ ਗਿਰਾਵਟ ਨਾਲ ਵਾਤਾਵਰਣ ’ਚ ਠੰਡਕ ਮਹਿਸੂਸ ਹੋਣ ਲੱਗੀ ਹੈ। ਸੋਮਵਾਰ ਤੋਂ ਅਗਲੇ 3 ਦਿਨਾਂ ਤੱਕ ਮੌਸਮ ਦਾ ਮਿਜਾਜ਼ ਬਦਲਿਆ ਰਹੇਗਾ, ਇਸੇ ਕ੍ਰਮ ’ਚ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ। ਮੌਸਮ ਵਿਗਿਆਨ ਕੇਂਦਰ ਦੇ ਚੰਡੀਗੜ੍ਹ ਸੈਂਟਰ ਵੱਲੋਂ ਆਰੇਂਜ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਆਸਮਾਨੀ ਬਿਜਲੀ ਡਿਗਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਗੜੇਮਾਰੀ ਤੇ ਮੀਂਹ ਪਿਆ ਜਿਸ ਦਾ ਅਸਰ ਪੰਜਾਬ ਤੇ ਹੋਰ ਸੂਬਿਆਂ ’ਤੇ ਦੇਖਣ ਨੂੰ ਮਿਲਿਆ। ਜੰਮੂ-ਕਸ਼ਮੀਰ ’ਚ ਗੁਲਮਰਗ ਅਤੇ ਸੋਨਮਰਗ ਸਮੇਤ ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ’ਚ ਤਾਜ਼ਾ ਗੜੇਮਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਜਿਸ ਕਾਰਨ ਐਤਵਾਰ ਨੂੰ ਸ਼੍ਰੀਨਗਰ-ਲੱਦਾਖ ਰਾਜਮਾਰਗ ਬੰਦ ਹੋ ਗਿਆ। ਬਾਲਟਾਲ ਅਤੇ ਜੋਜਿਲਾ ਦੱਰੇ ’ਤੇ ਬਰਫਬਾਰੀ ਪਿੱਛੋਂ ਲੱਦਾਖ ਨੂੰ ਜੋੜਨ ਵਾਲੀ ਸ਼੍ਰੀਨਗਰ-ਸੋਨਮਰਗ-ਗੁਮਰੀ ਸੜਕ ਨੂੰ ਵਾਹਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸ਼੍ਰੀਨਗਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਮੀਂਹ ਪਿਆ। ਗੁਲਮਰਗ ਕਸ਼ਮੀਰ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਪਿਛਲੇ 24 ਘੰਟੇ ਦੌਰਾਨ 3 ਸੈਂਟੀਮੀਟਰ ਬਰਫਬਾਰੀ ਹੋਈ। ਇਸ ਨਾਲ ਉੱਥੇ ਰੁਕੇ ਸੈਲਾਨੀ ਕਾਫੀ ਖੁਸ਼ ਹਨ।

ਹਿਮਾਚਲ ਪ੍ਰਦੇਸ਼ ’ਚ ਯੈਲੋ ਅਲਰਟ ਦੇ ਨਾਲ ਹੁਣ ਜਨਜਾਤੀ ਇਲਾਕਿਆਂ ’ਚ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਲਾਹੌਲ-ਸਪੀਤੀ ’ਚ ਬਰਫ ਦੇ ਫਾਹੇ ਡਿਗਣੇ ਸੁਰੂ ਹੋ ਗਏ ਹਨ। ਰੋਹਤਾਂਗ ਦੱਰਾ, ਕੋਕਸਰ ਤੇ ਸਿਸਤੂ ਸਮੇਤ ਹੋਰ ਉੱਚੀਆਂ ਚੋਟੀਆਂ ’ਤੇ ਬਰਫ ਡਿਗਣੀ ਸ਼ੁਰੂ ਹੋ ਚੁੱਕੀ ਹੈ। ਇਸ ਦਾ ਕ੍ਰਮ ਪੂਰੀ ਰਾਤ ਜਾਰੀ ਰਹਿਣ ਦਾ ਅੰਦਾਜ਼ਾ ਹੈ ਜਿਸ ਕਾਰਨ ਸੋਮਵਾਰ ਨੂੰ ਗਰਜ ਤੇ ਬਿਜਲੀ ਦੇ ਨਾਲ ਭਾਰੀ ਤੋਂ ਬੜੀ ਭਾਰੀ ਬਰਫਬਾਰੀ ਤੇ ਮੀਂਹ ਹੋਣ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਤੇ ਵੀਰਵਾਰ ਨੂੰ ਯੈਲੋ ਅਲਰਟ ਰਹੇਗਾ ਅਤੇ ਇਸ ਦੌਰਾਨ ਲਾਹੌਲ-ਸਪੀਤੀ, ਕਿੰਨੌਰ, ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਤੇ ਨੇੜੇ-ਤੇੜੇ ਦੇ ਜ਼ਿਲਿਆਂ ਦੇ ਕੁਝ ਹਿੱਸਿਆਂ ’ਚ ਗਰਜ, ਬਿਜਲੀ ਤੇ ਓਲਾਵ੍ਰਿਸ਼ਟੀ ਦੇ ਨਾਲ ਬਰਫਬਾਰੀ ਤੇ ਮੀਂਹ ਦੇ ਆਸਾਰ ਹਨ। 22 ਫਰਵਰੀ ਨੂੰ ਅਲਰਟ ਤਾਂ ਨਹੀਂ ਹੈ ਪਰ ਇਸ ਦਿਨ ਵੀ ਮੌਸਮ ਦੇ ਖਰਾਬ ਰਹਿਣ ਦੇ ਆਸਾਰ ਹਨ। ਜਦਕਿ 23 ਫਰਵਰੀ ਦੇ ਬਾਅਦ ਤੋਂ ਮੌਸਮ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ। ਅਟਲ ਟਨਲ ਨੇੜੇ ਗੜੇਮਾਰੀ ਹੋ ਰਹੀ ਹੈ। ਇਸ ਨਾਲ ਅਟਲ ਟਨਲ ਇਕ ਵਾਰ ਫਿਰ ਸੈਲਾਨੀਆਂ ਲਈ ਬੰਦ ਹੋ ਗਈ ਹੈ।
 


author

Tanu

Content Editor

Related News