ਰੇਲਵੇ ਨੇ 7 ਘੰਟੇ ''ਚ ਕੀਤਾ ਨਵਾਂ ਪੁਲ ਤਿਆਰ, ਦੌੜਾਈ ਟਰੇਨ

Friday, Jan 05, 2018 - 09:52 PM (IST)

ਰੇਲਵੇ ਨੇ 7 ਘੰਟੇ ''ਚ ਕੀਤਾ ਨਵਾਂ ਪੁਲ ਤਿਆਰ, ਦੌੜਾਈ ਟਰੇਨ

ਮੁਰਾਦਾਬਾਦ—ਰੇਲਵੇ ਦੇ ਇੰਜੀਨਿਅਰਿੰਗ ਵਿਭਾਗ ਨੇ ਬੁੱਧਵਾਰ ਨੂੰ ਆਪਣੀ ਕਾਰਜ ਕੁਸ਼ਲਤਾ ਦਿਖਾਉਂਦੇ ਹੋਏ 100 ਸਾਲ ਪੁਰਾਣੇ ਪੁਲ ਨੂੰ ਤੋੜ ਕੇ ਉਸ ਦੀ ਥਾਂ ਨਵਾਂ ਪੁਲ 7 ਘੰਟਿਆਂ 'ਚ ਤਿਆਰ ਕਰ ਦਿੱਤਾ। ਇਸ ਦੌਰਾਨ ਲਕਸਰ-ਮੁਰਾਦਾਬਾਦ ਵਿਚਾਲੇ ਰੇਲ ਆਵਾਜਾਈ ਬੰਦ ਰਹੀ। 
ਨਜੀਬਾਬਾਦ-ਮੁਰਾਦਾਬਾਦ ਵਿਚਾਲੇ ਬੁੰਦਕੀ ਸਟੇਸ਼ਨ ਨੇੜੇ ਡਾਊਨ ਲਾਈਨ 'ਤੇ ਪੁਲ 100 ਸਾਲ ਤੋਂ ਜ਼ਿਆਦਾ ਪੁਰਾਣਾ ਹੋ ਗਿਆ ਸੀ। ਜਿਸ ਕਾਰਨ ਪੁਲ ਉਤੋਂ ਹੋਲੀ ਰਫਤਾਰ ਨਾਲ ਟਰੇਨਾਂ ਲੰਘਾਈਆਂ ਜਾਂਦੀਆਂ ਸਨ। ਬੁੱਧਵਾਰ ਦੀ ਸਵੇਰ 9.35 ਦੇ ਕਰੀਬ ਸੁਪੀਰੀਅਰ ਬੋਰਡ ਦੇ ਨਿਗਰਾਨ ਇੰਜੀਨੀਅਰ ਪਰਿਤੋਸ਼ ਗੌਤਮ ਤਕਨੀਕੀ ਸਟਾਫ ਨਾਲ ਉਥੇ ਪਹੁੰਚੇ।
ਕ੍ਰੇਨ ਅਤੇ ਹੋਰ ਉਪਕਰਣਾਂ ਜ਼ਰੀਏ ਪੁਲ 'ਤੋਂ ਲੰਘਣ ਵਾਲੀ ਰੇਲ ਲਾਈਨ ਨੂੰ ਹਟਾਉਣ, ਪੁਰਾਣੇ ਪੁਲ ਨੂੰ ਤੋੜਨ ਅਤੇ ਮਲਬਾ ਹਟਾਉਣ ਦਾ ਕੰਮ ਦੁਪਹਿਰ 1.24 ਵਜੇ ਤਕ ਪੂਰਾ ਕਰ ਲਿਆ ਗਿਆ। ਇਸ ਤੋਂ ਬਾਅਦ ਫੈਬ੍ਰਿਕੇਟਿੰਗ ਮੈਟੇਰੀਅਲ ਨਾਲ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ। ਦੁਪਹਿਰ 3.05 ਵਜੇ ਪੁਲ ਦਾ ਢਾਂਚਾ ਰੱਖ ਦਿੱਤਾ ਗਿਆ।
7 ਘੰਟੇ 20 ਮਿੰਟ 'ਚ (ਸ਼ਾਮ 5.15 ਵਜੇ) ਨਵੇਂ ਪੁਲ 'ਤੇ ਲਾਈਨ ਪਾਉਣ ਦਾ ਕੰਮ ਵੀ ਪੂਰਾ ਕਰ ਲਿਆ ਗਿਆ। ਪੁਲ ਦਾ ਕੰਮ ਪੂਰਾ ਹੋਣ 'ਤੇ ਸ਼ਾਮ 5.40 ਵਜੇ ਦੇਹਰਾਦੂਨ ਤੋਂ ਇਲਾਹਾਬਾਦ ਜਾਣ ਵਾਲੀ ਲਿੰਕ ਐਕਸਪ੍ਰੈਸ ਨੂੰ ਹੋਲੀ ਰਫਤਾਰ ਨਾਲ ਨਵੇਂ ਪੁਲ 'ਤੇ ਚਲਾਇਆ ਗਿਆ। ਇਸ ਤੋਂ ਬਾਅਦ ਬਾਕੀ ਟਰੇਨਾਂ ਦਾ ਵੀ ਉਤੋਂ ਲੰਘਣਾ ਸ਼ੁਰੂ ਕਰ ਦਿੱਤਾ ਗਿਆ।
ਮੰਡਲ ਰੇਲ ਪ੍ਰਬੰਧਕ ਅਜੈ ਕੁਮਾਰ ਸਿੰਘਲ ਦਾ ਕਹਿਣਾ ਹੈ ਕਿ 7 ਘੰਟੇ 'ਚ ਪੁਰਾਣੇ ਪੁਲ ਨੂੰ ਤੋੜ ਕੇ ਨਵੇਂ ਪੁਲ ਦਾ ਨਿਰਮਾਣ ਕਰਨ 'ਤੇ ਟੀਮ ਵਧਾਈ ਦੀ ਪਾਤਰ ਹੈ। 


Related News