ਭਾਰਤ ਅਤੇ ਬੰਗਲਾਦੇਸ਼ ਵਿਚਾਲੇ 55 ਸਾਲ ਬਾਅਦ ਰੇਲ ਮਾਰਗ ਹੋਵੇਗਾ ਬਹਾਲ
Saturday, Dec 12, 2020 - 10:46 PM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ ਹਲਦੀਬਾੜੀ ਅਤੇ ਬੰਗਲਾਦੇਸ਼ ਸਥਿਤ ਚਿਲਹਟੀ ਵਿਚਾਲੇ ਰੇਲ ਮਾਰਗ 55 ਸਾਲ ਬਾਅਦ 17 ਦਸੰਬਰ ਨੂੰ ਫੇਰ ਖੋਲ੍ਹਿਆ ਜਾਵੇਗਾ ਅਤੇ ਭਾਰਤ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਇਸਦਾ ਉਦਘਾਟਨ ਕਰਨਗੇ। ਉੱਤਰ ਪੂਰਬ ਫਰੰਟੀਅਰ ਰੇਲਵੇ (ਐੱਨ.ਐੱਫ.ਆਰ.) ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਲ 1965 ਵਿੱਚ ਭਾਰਤ ਅਤੇ ਤਤਕਾਲੀਨ ਪੂਰਬੀ ਪਾਕਿਸਤਾਨ ਵਿਚਾਲੇ ਰੇਲ ਸੰਪਰਕ ਟੁੱਟਣ ਤੋਂ ਬਾਅਦ ਕੂਚਬਿਹਾਰ ਸਥਿਤ ਹਲਦੀਬਾੜੀ ਅਤੇ ਉੱਤਰੀ ਬੰਗਲਾਦੇਸ਼ ਦੇ ਚਿਲਹਟੀ ਵਿਚਾਲੇ ਰੇਲਵੇ ਲਾਈਨ ਬੰਦ ਕਰ ਦਿੱਤੀ ਗਈ ਸੀ।
ਐੱਨ.ਐੱਫ.ਆਰ. ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਭਾਨਨ ਚੰਦਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ, 17 ਦਸੰਬਰ ਨੂੰ ਹਲਦੀਬਾੜੀ-ਚਿਲਹਟੀ ਰੇਲ ਮਾਰਗ ਦਾ ਉਦਘਾਟਨ ਕਰਨਗੇ।” ਉਨ੍ਹਾਂ ਕਿਹਾ ਕਿ ਰੇਲ ਮਾਰਗ ਬਹਾਲ ਕਰਨ ਲਈ ਚਿਲਹਟੀ ਤੋਂ ਹਲਦੀਬਾੜੀ ਤੱਕ ਇੱਕ ਮਾਲ-ਗੱਡੀ ਜਾਵੇਗੀ ਜੋ ਐੱਨ.ਐੱਫ.ਆਰ. ਦੇ ਕਟਿਹਾਰ ਡਵੀਜ਼ਨ ਵਿੱਚ ਆਉਂਦਾ ਹੈ। ਕਟਿਹਾਰ ਮੰਡਲੀ ਰੇਲਵੇ ਪ੍ਰਬੰਧਕ ਰਵਿੰਦਰ ਕੁਮਾਰ ਵਰਮਾ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਰੇਲ ਮਾਰਗ ਬਹਾਲ ਹੋਣ ਤੋਂ ਜਾਣੂ ਕਰਵਾਇਆ।
ਐੱਨ.ਐੱਫ.ਆਰ. ਨੇ ਕਿਹਾ ਕਿ ਹਲਦੀਬਾੜੀ ਰੇਲਵੇ ਸਟੇਸ਼ਨ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਦੀ ਦੂਰੀ ਸਾਢੇ ਚਾਰ ਕਿਲੋਮੀਟਰ ਹੈ ਅਤੇ ਬੰਗਲਾਦੇਸ਼ ਵਿੱਚ ਚਿਲਹਟੀ ਤੋਂ ਸਰਹੱਦ ਤੱਕ ਦੀ ਦੂਰੀ ਸਾਢੇ ਸੱਤ ਕਿਲੋਮੀਟਰ ਦੇ ਆਸਪਾਸ ਹੈ। ਵਰਮਾ ਨੇ ਬੁੱਧਵਾਰ ਨੂੰ ਹਲਦੀਬਾੜੀ ਸਟੇਸ਼ਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਸ ਮਾਰਗ 'ਤੇ ਜਦੋਂ ਯਾਤਰੀ ਸੇਵਾ ਸ਼ੁਰੂ ਹੋ ਜਾਵੇਗੀ ਤਾਂ ਲੋਕ ਸਿਲੀਗੁੜੀ ਦੇ ਕੋਲ ਸਥਿਤ ਜਲਪਾਈਗੁੜੀ ਤੋਂ ਕੋਲਕਾਤਾ, ਸੱਤ ਘੰਟੇ ਵਿੱਚ ਪਹੁੰਚ ਸਕਣਗੇ ਅਤੇ ਇਸ ਨਾਲ ਪਹਿਲਾਂ ਦੇ ਯਾਤਰਾ ਸਮੇਂ ਵਿੱਚ ਪੰਜ ਘੰਟੇ ਦੀ ਕਮੀ ਆਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।