ਨਵੀਂ ਤਕਨੀਕ ਅਪਣਾਉਣ ਨਾਲ ਵਧਣਗੀਆਂ ਰੇਲਗੱਡੀਆਂ ''ਚ ਰੋਜ਼ਾਨਾ 4 ਲੱਖ ਰਾਖਵੀਆਂ ਸੀਟਾਂ
Wednesday, Jul 10, 2019 - 10:06 PM (IST)

ਨਵੀਂ ਦਿੱਲੀ— ਮੁਸਾਫਿਰਾਂ ਲਈ ਆਉਣ ਵਾਲੇ ਸਮੇਂ 'ਚ ਰੇਲ ਦੀ ਰਾਖਵੀਂ ਟਿਕਟ ਆਸਾਨੀ ਨਾਲ ਉਪਲੱਬਧ ਹੋ ਸਕਦੀ ਹੈ। ਰੇਲਵੇ ਅਜਿਹੇ ਉਪਾਅ ਕਰਨ ਜਾ ਰਿਹਾ ਹੈ, ਜਿਸ ਨਾਲ ਅਕਤੂਬਰ ਤੋਂ ਗੱਡੀਆਂ 'ਚ ਰਾਖਵੀਂ ਯਾਤਰਾ ਲਈ ਰੋਜ਼ਾਨਾ 4 ਲੱਖ ਤੋਂ ਜ਼ਿਆਦਾ ਸੀਟਾਂ (ਬਰਥ) ਵਧਣਗੀਆਂ।
ਇਸ ਦੇ ਲਈ ਰੇਲ ਵਿਭਾਗ ਅਜਿਹੀ ਤਕਨੀਕ ਅਪਣਾਉਣ ਜਾ ਰਿਹਾ ਹੈ, ਜਿਸ ਨਾਲ ਡੱਬਿਆਂ 'ਚ ਰੌਸ਼ਨੀ ਅਤੇ ਏਅਰ ਕੰਡੀਸ਼ਨਿੰਗ ਲਈ ਬਿਜਲੀ ਨੂੰ ਲੈ ਕੇ ਵੱਖ ਤੋਂ ਪਾਵਰ ਕਾਰ (ਜਨਰੇਟਰ ਡਿੱਬਾ) ਲਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਇਹ ਜ਼ਰੂਰਤ ਇੰਜਣ ਰਾਹੀਂ ਹੀ ਪੂਰੀ ਹੋ ਜਾਵੇਗੀ। ਰੇਲਵੇ ਦੇ ਉੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਵਿਭਾਗ ਦੁਨੀਆ ਭਰ 'ਚ ਪ੍ਰਚੱਲਿਤ 'ਹੈੱਡ ਆਨ ਜਨਰੇਸ਼ਨ' (ਐੱਚ. ਓ. ਜੀ.) ਤਕਨੀਕ ਦੀ ਵਰਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤਕਨੀਕ 'ਚ ਰੇਲਗੱਡੀ ਦੇ ਉੱਪਰੋਂ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਤੋਂ ਹੀ ਡੱਬਿਆਂ ਲਈ ਵੀ ਬਿਜਲੀ ਲਈ ਜਾਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਕਤੂਬਰ 2019 ਤੋਂ ਭਾਰਤੀ ਰੇਲ ਦੇ ਕਰੀਬ 5000 ਡੱਬੇ ਐੱਚ. ਓ. ਜੀ. ਤਕਨੀਕੀ ਨਾਲ ਚੱਲਣ ਲੱਗਣਗੇ। ਇਸ ਨਾਲ ਟਰੇਨਾਂ ਤੋਂ ਜਨਰੇਟਰ ਬੋਗੀਆਂ ਨੂੰ ਹਟਾਉਣ 'ਚ ਮਦਦ ਮਿਲੇਗੀ ਅਤੇ ਉਨ੍ਹਾਂ 'ਚ ਵਾਧੂ ਡੱਬੇ ਲਾਉਣ ਦੀ ਆਸਾਨੀ ਹੋਵੇਗੀ। ਇੰਨਾ ਹੀ ਨਹੀਂ, ਇਸ ਨਾਲ ਰੇਲਵੇ ਨੂੰ ਈਂਧਣ 'ਤੇ ਸਾਲਾਨਾ 6000 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੱਚਤ ਹੋਵੇਗੀ।