ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਖਾਨਾਂ ਦਾ ਨਿੱਜੀਕਰਨ : ਰਾਹੁਲ

Wednesday, Nov 01, 2023 - 06:47 PM (IST)

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਤੇਲੰਗਾਨਾ ਦੇ ਸਿੰਗਾਰੇਨੀ ’ਚ ਕੋਲਾ ਖਾਨਾਂ ’ਚ ਕੰਮ ਕਰਦੇ ਮਜ਼ਦੂਰਾਂ ਨਾਲ ਆਪਣੀ ਮੁਲਾਕਾਤ ਦਾ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਖਾਨਾਂ ਦਾ ਨਿੱਜੀਕਰਨ ਹੈ।

 

ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਡਾਨੀ ਟੈਕਸ’ ਲਾਇਆ ਹੈ। ਕੁਝ ਦਿਨ ਪਹਿਲਾਂ ਮੈਨੂੰ ਸਿੰਗਾਰੇਨੀ ਦੀਆਂ ਕੋਲਾ ਖਾਨਾਂ ਦੇ ਮਜ਼ਦੂਰਾਂ ਅਤੇ ਕਰਮਚਾਰੀਆਂ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤਾਂ ਪਤਾ ਲੱਗਾ ਕਿ ਹਰ ਸਮੱਸਿਆ ਦੀ ਜੜ੍ਹ ਖਾਨਾਂ ਦਾ ਨਿੱਜੀਕਰਨ ਹੈ।

ਉਨ੍ਹਾਂ ਕਿਹਾ ਕਿ ਇਹ ਨਿੱਜੀਕਰਨ ਕਿਰਤ ਕਾਨੂੰਨਾਂ ਨਾਲ ਖਿਲਵਾੜ ਕਰ ਰਿਹਾ ਹੈ। ਇਹ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰੀ ਵੱਲ ਧੱਕਣ ਦਾ ਸਾਧਨ ਹੈ। ਕੁਝ ਸਰਮਾਏਦਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ ਅਤੇ ਨਤੀਜਾ ਉਹੀ ਹੋਵੇਗਾ ਜੋ ਮੈਂ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ-ਅਮੀਰ ਹੋਰ ਅਮੀਰ ਹੋਵੇਗਾ ਅਤੇ ਗਰੀਬ ਹੋਰ ਗਰੀਬ ਹੋਵੇਗਾ।

ਰਾਹੁਲ ਗਾਂਧੀ ਨੇ ਇਸ ਵੀਡੀਓ ਦਾ ਇਕ ਅੰਸ਼ ਟਵਿੱਟਰ ’ਤੇ ਵੀ ਸਾਂਝਾ ਕੀਤਾ ਤੇ ਕਿਹਾ ਕਿ ਸਿੰਗਾਰੇਨੀ ਕੋਲਾ ਖਾਨ ਦੇ ਮਜ਼ਦੂਰਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਸ਼ੋਸ਼ਣ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।


Rakesh

Content Editor

Related News