ਰਾਹੁਲ ਨੇ ਸਰਕਾਰੀ ਬੰਗਲਾ ਕੀਤਾ ਖ਼ਾਲੀ, ਮਾਂ ਸੋਨੀਆ ਗਾਂਧੀ ਦੇ ਘਰ ਹੋਏ ਸ਼ਿਫਟ
Saturday, Apr 22, 2023 - 05:50 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਾਣਹਾਨੀ ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਪਣੀ ਲੋਕ ਸਭਾ ਮੈਂਬਰਤਾ ਗੁਆਉਣ ਦੇ ਕੁਝ ਹਫ਼ਤੇ ਬਾਅਦ ਸ਼ਨੀਵਾਰ ਨੂੰ ਲੁਟਿਅੰਸ ਸਥਿਤ ਆਪਣਾ ਸਰਕਾਰੀ ਬੰਗਲਾ ਖ਼ਾਲੀ ਕਰ ਦਿੱਤਾ ਅਤੇ ਆਪਣੀ ਮਾਂ ਸੋਨੀਆ ਗਾਂਧੀ ਦੇ ਘਰ ਰਹਿਣ ਚੱਲੇ ਗਏ। ਕਾਂਗਰਸ ਨੇ ਕਿਹਾ ਕਿ ਸਰਕਾਰ ਰਾਹੁਲ ਨੂੰ ਇਕ ਘਰ ਤੋਂ ਬੇਦਖ਼ਲ ਕਰ ਸਕਦੀ ਹੈ ਪਰ ਉਹ ਕਰੋੜਾਂ ਭਾਰਤੀਆਂ ਦੇ ਦਿਲਾਂ ਅਤੇ ਘਰਾਂ 'ਚ ਇਕ ਜਗ੍ਹਾ ਰੱਖਦੇ ਹਨ। ਪਾਰਟੀ ਨੇ ਰਾਹੁਲ ਨੂੰ ਆਪਣੇ ਘਰਾਂ ਦੀ ਪੇਸ਼ਕਸ਼ ਕਰਨ ਵਾਲੇ ਪਾਰਟੀ ਨੇਤਾਵਾਂ ਨਾਲ ਸੋਸ਼ਲ ਮੀਡੀਆ 'ਤੇ 'ਮੇਰਾ ਘਰ ਤੁਹਾਡਾ ਘਰ' ਮੁਹਿੰਮ ਵੀ ਸ਼ੁਰੂ ਕੀਤੀ। ਸ਼ਨੀਵਾਰ ਸਵੇਰੇ ਰਾਹੁਲ ਨੇ ਆਪਣੇ 12 ਤੁਗਲਕ ਲੇਨ ਨਿਵਾਸ ਤੋਂ ਆਪਣਾ ਸਾਰਾ ਸਾਮਾਨ ਬਾਹਰ ਕੱਢ ਦਿੱਤਾ, ਜਿੱਥੇ ਉਹ ਲਗਭਗ 2 ਦਹਾਕਿਆਂ ਤੋਂ ਰਹਿ ਰਹੇ ਸਨ।
ਰਾਹੁਲ, ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਸਵੇਰੇ ਬੰਗਲੇ 'ਤੇ ਗਏ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ.ਪੀ.ਡਬਲਿਊ.ਡੀ.) ਦੇ ਅਧਿਕਾਰੀਆਂ ਨੂੰ ਖ਼ਾਲੀ ਘਰ ਦੀ ਚਾਬੀ ਸੌਂਪੀ। ਰਾਹੁਲ ਆਪਣੀ ਮਾਂ ਸੋਨੀਆ ਦੇ ਘਰ ਸ਼ਿਫਟ ਹੋ ਗਏ। ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਨੂੰ 22 ਅਪ੍ਰੈਲ ਤੱਕ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਸੂਰਤ ਦੀ ਇਕ ਅਦਾਲਤ ਵਲੋਂ 2019 'ਚ ਕਰਨਾਟਕ ਦੇ ਕੋਲਾਰ 'ਚ ਕੀਤੀ ਗਈ ਮੋਦੀ ਸਰਨੇਮ ਦੀ ਟਿੱਪਣੀ 'ਤੇ ਮਾਣਹਾਨੀ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਅਤੇ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੁਖੀ ਨੂੰ ਸੰਸਦ ਤੋਂ ਅਯੋਗ ਐਲਾਨ ਕਰ ਦਿੱਤਾ ਸੀ।