ਜੈਪੁਰ ਪਹੁੰਚੇ ਰਾਹੁਲ ਗਾਂਧੀ, ਕਾਲਜ ਵਿਦਿਆਰਥਣ ਨਾਲ ਕੀਤੀ ਸਕੂਟੀ ਦੀ ਸਵਾਰੀ
Saturday, Sep 23, 2023 - 03:18 PM (IST)

ਜੈਪੁਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਪਿੰਕੀ ਸਿਟੀ ਜੈਪੁਰ ਵਿਚ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਰਾਹੁਲ ਗਾਂਧੀ ਇਕ ਵਿਦਿਆਰਥਣ ਨਾਲ ਸਕੂਟੀ ਦੀ ਪਿਛਲੀ ਸੀਟ 'ਤੇ ਬੈਠੇ ਨਜ਼ਰ ਆਏ। ਸਕੂਟੀ ਵਿਦਿਆਰਥਣ ਚਲਾ ਰਹੀ ਸੀ ਅਤੇ ਰਾਹੁਲ ਗਾਂਧੀ ਪਿੱਛੇ ਬੈਠੇ ਹੋਏ ਸਨ। ਇਸ ਦੌਰਾਨ ਰਾਹੁਲ ਗਾਂਧੀ ਦੀ ਇਕ ਝਲਕ ਪਾਉਣ ਲਈ ਜੈਪੁਰ ਦੀਆਂ ਸੜਕਾਂ 'ਤੇ ਕਾਫੀ ਭੀੜ ਇਕੱਠੀ ਹੋ ਗਈ। ਜਿਸ ਦੇ ਚੱਲਦੇ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਦਰਅਸਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਜੈਪੁਰ ਦੇ ਆਪਣੇ ਇਕ ਦਿਨਾ ਦੌਰੇ ਦੌਰਾਨ ਮਹਾਰਾਣੀ ਕਾਲਜ 'ਚ ਇਕ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਹ ਵਿਦਿਆਰਥੀਆਂ ਨਾਲ ਸੰਖੇਪ ਗੱਲਬਾਤ ਮਗਰੋਂ ਹੈਲਮੇਟ ਪਹਿਨ ਕੇ ਇਕ ਸਕੂਟੀ 'ਤੇ ਬੈਠੇ। ਸੁਰੱਖਿਆ ਕਾਫ਼ਲੇ ਦਰਮਿਆਨ ਉਨ੍ਹਾਂ ਨੇ ਕੁਝ ਦੂਰੀ ਤੱਕ ਸਕੂਟੀ 'ਤੇ ਸਫ਼ਰ ਕੀਤਾ।
ਦੱਸ ਦੇਈਏ ਕਿ ਰਾਹੁਲ ਗਾਂਧੀ ਜੈਪੁਰ ਵਿਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਭਵਨ ਦਾ ਨੀਂਹ ਪੱਥਰ ਰੱਖਣ ਪਹੁੰਚੇ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਦਿਨ ਵਿਚ ਕਰੀਬ 1.30 ਵਜੇ ਜੈਪੁਰ ਵਿਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਠੀਕ ਪਹਿਲਾਂ ਰਾਹੁਲ ਜੈਪੁਰ ਦੀਆਂ ਸੜਕਾਂ 'ਤੇ ਸਕੂਟੀ ਦੀ ਸਵਾਰੀ ਕਰਦੇ ਨਜ਼ਰ ਆਏ।