ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਰਾਹੁਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ

Friday, May 07, 2021 - 11:58 AM (IST)

ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਰਾਹੁਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਦਾ ਵਿਗਿਆਨੀ ਤਰੀਕਿਆਂ ਨਾਲ ਪਤਾ ਲਗਾਉਣ ਦੇ ਨਾਲ ਹੀ ਪੂਰੀ ਦੁਨੀਆ ਨੂੰ ਇਸ ਬਾਰੇ ਜਾਣੂੰ ਕਰਵਾਇਆ ਜਾਵੇ ਅਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਜਲਦ ਟੀਕਾ ਲਗਾਇਆ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਹ ਦੋਸ਼ ਵੀ ਲਗਾਇਆ ਕਿ ਸਰਕਾਰ ਦੀ ਅਸਫ਼ਲਤਾ ਕਾਰਨ ਦੇਸ਼ ਇਕ ਵਾਰ ਫਿਰ ਤੋਂ ਰਾਸ਼ਟਰੀ ਪੱਧਰ ਦੇ ਲਾਕਡਾਊਨ ਲੱਗ ਸਕਦਾ ਹੈ ਅਤੇ ਅਜਿਹੇ 'ਚ ਗਰੀਬਾਂ ਨੂੰ ਤੁਰੰਤ ਆਰਥਿਕ ਮਦਦ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਦਰਦ 'ਚੋਂ ਨਾ ਲੰਘਣਾ ਪਏ।

ਚਿੱਠੀ 'ਚ ਰਾਹੁਲ ਨੇ ਕਿਹਾ,''ਮੈਂ ਤੁਹਾਨੂੰ ਇਕ ਵਾਰ ਫਿਰ ਚਿੱਠੀ ਲਿਖਣ ਲਈ ਮਜ਼ਬੂਰ ਹੋਇਆ ਹਾਂ, ਕਿਉਂਕਿ ਸਾਡਾ ਦੇਸ਼ ਕੋਵਿਡ ਸੁਨਾਮੀ ਦੀ ਗ੍ਰਿਫ਼ਤ 'ਚ ਬਣਿਆ ਹੋਇਆ ਹੈ। ਇਸ ਤਰ੍ਹਾਂ ਦੇ ਸੰਕਟ 'ਚ ਭਾਰਤ ਦੇ ਲੋਕ ਤੁਹਾਡੀ ਸਭ ਤੋਂ ਵੱਡੀ ਪਹਿਲ ਹੋਣੇ ਚਾਹੀਦੇ ਹਨ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਦੇਸ਼ ਦੇ ਲੋਕਾਂ ਨੂੰ ਇਸ ਦਰਦ ਤੋਂ ਬਚਾਉਣ ਲਈ ਜੋ ਵੀ ਸੰਭਵ ਹੋਵੇ, ਉਹ ਕਰੋ।'' ਉਨ੍ਹਾਂ ਕਿਹਾ,''ਦੁਨੀਆ ਦੇ ਹਰ 6 ਲੋਕਾਂ 'ਚੋਂ ਇਕ ਵਿਅਕਤੀ ਭਾਰਤੀ ਹੈ। ਇਸ ਮਹਾਮਾਰੀ ਤੋਂ ਹੁਣ ਇਹੀ ਪਤਾ ਲੱਗਾ ਹੈ ਕਿ ਸਾਡਾ ਆਕਾਰ ਅਤੇ ਜਟਿਲਤਾ ਨਾਲ ਭਾਰਤ 'ਚ ਇਸ ਵਾਇਰਸ ਲਈ ਬਹੁਤ ਹੀ ਅਨੁਕੂਲ ਮਾਹੌਲ ਮਿਲਦਾ ਹੈ ਕਿ ਉਹ ਆਪਣੇ ਰੂਪ ਬਦਲੇ ਅਤੇ ਵੱਧ ਖ਼ਤਰਨਾਕ ਰੂਪ 'ਚ ਸਾਹਮਣੇ ਆਏ। ਮੈਨੂੰ ਡਰ ਇਸ ਗੱਲ ਦਾ ਹੈ ਕਿ ਜਿਸ 'ਡਬਲ ਮਿਊਟੈਂਟ' ਅਤੇ 'ਟ੍ਰਿਪਲ ਮਿਊਟੈਂਟ' ਨੂੰ ਅਸੀਂ ਦੇਖ ਰਹੇ ਹਾਂ, ਉਹ ਸ਼ੁਰੂਆਤ ਭਰ ਹੋ ਸਕਦੀ ਹੈ।''

PunjabKesariਉਨ੍ਹਾਂ ਅਨੁਸਾਰ,''ਇਸ ਵਾਇਰਸ ਦਾ ਬੇਕਾਬੂ ਢੰਗ ਨਾਲ ਪ੍ਰਸਾਰਿਤ ਹੋਣਾ ਨਾ ਸਿਰਫ਼ ਸਾਡੇ ਦੇਸ਼ ਦੇ ਲੋਕਾਂ ਲਈ ਖ਼ਤਰਨਾਕ ਹੋਵੇਗਾ ਸਗੋਂ ਬਾਕੀ ਦੁਨੀਆ ਲਈ ਵੀ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੁਝਾਅ ਦਿੱਤਾ,''ਇਸ ਵਾਇਰਸ ਅਤੇ ਇਸ ਦੇ ਵੱਖ-ਵੱਖ ਰੂਪਾਂ ਬਾਰੇ ਵਿਗਿਆਨੀ ਤਰੀਕੇ ਨਾਲ ਪਤਾ ਲਗਾਇਆ ਜਾਵੇ। ਸਾਰੇ ਨਵੇਂ ਮਿਊਟੇਸ਼ਨ ਵਿਰੁੱਧ ਟੀਕਿਆਂ ਦੇ ਅਸਰ ਦਾ ਮੁਲਾਂਕਣ ਕੀਤਾ ਜਾਵੇ। ਸਾਰੇ ਲੋਕਾਂ ਨੂੰ ਤੇਜ਼ੀ ਨਾਲ ਟੀਕਾ ਲਗਾਇਆ ਜਾਵੇ। ਪਾਰਦਰਸ਼ੀ ਰਿਹਾ ਜਾਵੇ ਅਤੇ ਬਾਕੀ ਦੁਨੀਆ ਨੂੰ ਲੈ ਕੇ ਸਾਡੇ ਨਤੀਜਿਆਂ ਬਾਰੇ ਜਾਣੂੰ ਕਰਵਾਇਆ ਜਾਵੇ।''

ਇਹ ਵੀ ਪੜ੍ਹੋ : ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਆਇਆ ਉਛਾਲ, ਰਾਹੁਲ ਬੋਲੇ- ਚੋਣਾਂ ਖ਼ਤਮ, ਲੁੱਟ ਮੁੜ ਸ਼ੁਰੂ

ਰਾਹੁਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕੋਲ ਕੋਰੋਨਾ ਵਿਰੁੱਧ ਟੀਕਾਕਰਨ ਨੂੰ ਲੈ ਕੇ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ ਅਤੇ ਸਰਕਾਰ ਨੇ ਉਸੇ ਸਮੇਂ ਇਸ ਮਹਾਮਾਰੀ 'ਤੇ ਜਿੱਤ ਦਾ ਐਲਾਨ ਕਰ ਦਿੱਤਾ, ਜਦੋਂ ਇਹ ਵਾਇਰਸ ਫ਼ੈਲ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਅਸਫ਼ਲਤਾ ਕਾਰਨ ਅੱਜ ਰਾਸ਼ਟਰੀ ਪੱਧਰ 'ਤੇ ਲਾਕਡਾਊਨ ਲੱਗ ਸਕਦਾ ਹੈ। ਕਾਂਗਰਸ ਨੇਤਾ ਨੇ ਮੋਦੀ ਨੂੰ ਅਪੀਲ ਕੀਤੀ ਕਿ ਇਸ ਸਥਿਤੀ ਨੂੰ ਦੇਖਦੇ ਹੋਏ ਕਮਜ਼ੋਰ ਤਬਕਿਆਂ ਦੇ ਲੋਕਾਂ ਨੂੰ ਵਿੱਤੀ ਮਦਦ ਅਤੇ ਖਾਧ ਸਮੱਗਰੀ ਉਪਲੱਬਧ ਕਰਵਾਈ ਜਾਵੇ ਤਾਂ ਕਿ ਲਾਕਡਾਊਨ ਕਾਰਨ ਗਰੀਬਾਂ ਨੂੰ ਉਸ ਦਰਦ ਨੂੰ ਨਾ ਝੱਲਣਾ ਪਏ, ਜੋ ਉਨ੍ਹਾਂ ਨੂੰ ਪਿਛਲੇ ਸਾਲ ਦੇ ਲਾਕਡਾਊਨ ਦੇ ਸਮੇਂ ਝੱਲਣੀ ਪਈ ਸੀ। ਉਨ੍ਹਾਂ ਨੇ ਕੋਰੋਨਾ ਵਿਰੁੱਧ ਲੜਾਈ 'ਚ ਪੂਰੇ ਸਹਿਯੋਗ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਇਸ ਸੰਕਟਕਾਲ 'ਚ ਵੱਖ-ਵੱਖ ਪੱਖਾਂ ਨੂੰ ਵਿਸ਼ਵਾਸ 'ਚ ਲਿਆ ਜਾਵੇ ਤਾਂ ਕਿ ਸਾਰੇ ਮਿਲ ਕੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਸਕੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News