ਕੁਲੀ ਤੋਂ ਬਾਅਦ ਹੁਣ ਤਰਖਾਣ ਬਣੇ ਰਾਹੁਲ ਗਾਂਧੀ, ਕਾਰੀਗਰਾਂ ਨਾਲ ਚਲਾਈ ਆਰੀ
Friday, Sep 29, 2023 - 06:18 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ’ਚ ਰੁੱਝੇ ਰਾਹੁਲ ਗਾਂਧੀ ਲਗਾਤਾਰ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਕਰਨ ’ਚ ਲੱਗੇ ਹੋਏ ਹਨ। ਕਦੇ ਕਾਂਗਰਸੀ ਆਗੂ ਝੋਨਾ ਲਾਉਣ ਲਈ ਕਿਸਾਨਾਂ ਕੋਲ ਪਹੁੰਚ ਜਾਂਦੇ ਹਨ ਤੇ ਕਦੇ ਮਕੈਨਿਕਾਂ ਨੂੰ ਮਿਲਣ ਪਹੁੰਚ ਜਾਂਦੇ ਹਨ।
ਕੁਝ ਦਿਨ ਪਹਿਲਾਂ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਕੁਲੀਆਂ ਨਾਲ ਮੁਲਾਕਾਤ ਕਰਨ ਵਾਲੇ ਰਾਹੁਲ ਗਾਂਧੀ ਦੀ ਇਕ ਤਸਵੀਰ ਹੁਣ ਵਾਇਰਲ ਹੋਈ ਹੈ, ਜਿਸ ’ਚ ਉਹ ਤਰਖਾਣ ਬਣ ਕੇ ਆਰੀ ਚਲਾਉਂਦੇ ਨਜ਼ਰ ਆ ਰਹੇ ਹਨ।
ਦਰਅਸਲ, ਕਾਂਗਰਸ ਸੰਸਦ ਮੈਂਬਰ ਦਿੱਲੀ ਦੇ ਕੀਰਤੀ ਨਗਰ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ’ਚ ਲੱਕੜ ਦੇ ਕਾਰੀਗਰਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਰੀਗਰਾਂ ਨਾਲ ਗੱਲ ਕੀਤੀ ਅਤੇ ਲੱਕੜ ’ਤੇ ਹਥੌੜਾ ਮਾਰਦੇ ਨਜ਼ਰ ਆਏ।
ਰਾਹੁਲ ਗਾਂਧੀ ਨੇ ਲੱਕੜ ਦੇ ਕਾਰੀਗਰਾਂ ਨਾਲ ਮੁਲਾਕਾਤ ਕੀਤੀ। ਤਸਵੀਰ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ’ਤੇ ਸਾਂਝੀ ਕੀਤੀ। ਕਾਂਗਰਸੀ ਸੰਸਦ ਮੈਂਬਰ ਨੇ ਲਿਖਿਆ ਕਿ ਅੱਜ ਉਹ ਦਿੱਲੀ ਦੀ ਕੀਰਤੀਨਗਰ ਸਥਿਤ ਫਰਨੀਚਰ ਮਾਰਕੀਟ ਗਏ ਅਤੇ ਤਰਖਾਣ ਭਰਾਵਾਂ ਨੂੰ ਮਿਲੇ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਮਿਹਨਤੀ ਹੋਣ ਦੇ ਨਾਲ-ਨਾਲ ਇਕ ਸ਼ਾਨਦਾਰ ਕਲਾਕਾਰ ਵੀ ਹਨ, ਮਜਬੂਤੀ ਅਤੇ ਖੂਬਸੂਰਤ ਤਰਾਸ਼ਣ ਵਿਚ ਮਾਹਰ। ਬਹੁਤ ਗੱਲਾਂ ਹੋਈਆਂ, ਥੋੜ੍ਹਾ ਉਨ੍ਹਾਂ ਦੇ ਹੁਨਰ ਨੂੰ ਜਾਣਿਆ ਅਤੇ ਥੋੜ੍ਹਾ-ਥੋੜ੍ਹਾ ਸਿੱਖਣ ਦੀ ਕੋਸ਼ਿਸ਼ ਕੀਤੀ।