ਰਾਹੁਲ ਗਾਂਧੀ ਇਸ ਵਾਰ 3 ਲੋਕ ਸਭਾ ਸੀਟਾਂ ਤੋਂ ਲੜਨਗੇ ਚੋਣ
Tuesday, Jan 22, 2019 - 01:38 PM (IST)

ਮੁੰਬਈ- ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਚਾਲੇ ਇਸ ਵਾਰ ਸਿੱਧਾ ਮੁਕਾਬਲਾ ਹੈ।ਇਸ ਦੌਰਾਨ ਸਿਆਸੀ ਗਲਿਆਰੇ 'ਚ ਅਜਿਹੀ ਚਰਚਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਸਮੇਤ ਤਿੰਨ ਲੋਕ ਸਭਾ ਸੀਟਾਂ ਤੋਂ ਚੋਣਾਂ ਲੜਨ ਸਕਦੇ ਹਨ। ਮਹਾਰਾਸ਼ਟਰ ਦੇ ਸਾਬਕਾ ਸੀ. ਐੱਮ. ਅਸ਼ੋਕ ਚਵਾਨ ਦੇ ਮੁੱਖ ਸ਼ਹਿਰ ਨੰਦੇੜ ਦੇ ਨਾਲ ਹੀ ਮੱਧ ਪ੍ਰਦੇਸ਼ 'ਚ ਕਿਸੇ ਸੁਰੱਖਿਅਤ ਸੀਟ ਤੋਂ ਉਨ੍ਹਾਂ ਦੇ ਚੋਣ ਲੜਨ ਦੀ ਚਰਚਾ ਹੈ।
ਇਸ ਤਰ੍ਹਾਂ ਰਾਹੁਲ ਅਮੇਠੀ, ਮਹਾਰਾਸ਼ਟਰ ਅਤੇ ਮੱਧਪ੍ਰਦੇਸ਼ ਤੋਂ ਚੁਣਾਵੀ ਮੈਦਾਨ 'ਚ ਉਤਰ ਸਕਦੇ ਹਨ। ਹਾਲ ਹੀ ਅਸ਼ੋਕ ਚਵਾਨ ਦੇ ਇਕ ਬਿਆਨ ਤੋਂ ਇਨ੍ਹਾਂ ਅਟਕਲਾਂ ਨੂੰ ਹੋਰ ਬਲ ਮਿਲਿਆ ਹੈ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ। ਉਹ ਕਿਸੇ ਵੀ ਲੋਕ ਸਭਾ ਸੀਟ ਤੋਂ ਸਫਲਤਾਪੂਰਵਕ ਲੜ ਸਕਦੇ ਹਨ। ਚਵਾਨ ਨੇ ਕਿਹਾ ਸੀ ਕਿ ਜੇਕਰ ਰਾਹੁਲ ਨੰਦੇੜ ਤੋਂ ਚੋਣ ਲੜਨ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਦਾ ਬਹੁਤ ਸਵਾਗਤ ਹੈ।
ਸਮ੍ਰਿਤੀ ਨੇ ਰਾਹੁਲ ਨਾਲ ਕੀਤਾ ਸੀ ਮੁਕਾਬਲਾ-
2004 'ਚ ਰਾਜਨੀਤੀ 'ਚ ਆਉਣ ਤੋਂ ਬਾਅਦ ਰਾਹੁਲ ਲਗਾਤਾਰ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਅਮੇਠੀ ਲੋਕ ਸਭਾ ਖੇਤਰ ਤੋਂ ਸੰਸਦ ਚੁਣੇ ਗਏ। 2014 'ਚ ਭਾਜਪਾ ਨੇ ਰਾਹੁਲ ਦਾ ਮੁਕਾਬਲਾ ਕਰਨ ਲਈ ਸਮ੍ਰਿਤੀ ਈਰਾਨੀ ਨੂੰ ਅਮੇਠੀ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ, ਤਾਂ ਸਮ੍ਰਿਤੀ ਨੇ ਰਾਹੁਲ ਨੂੰ ਸਖਤ ਟੱਕਰ ਦਿੱਤੀ ਸੀ ਅਤੇ ਕਾਂਗਰਸ ਪ੍ਰਧਾਨ ਦੀ ਜਿੱਤ ਦਾ ਅੰਤਰ ਘਟਾ ਕੇ ਲਗਭਗ 1 ਲੱਖ 7 ਹਜ਼ਾਰ ਵੋਟ ਪਹੁੰਚ ਗਿਆ ਸੀ। ਰਿਪੋਰਟ ਮੁਤਾਬਕ ਭਾਜਪਾ ਇਸ ਵਾਰ ਵੀ ਈਰਾਨੀ ਨੂੰ ਹੀ ਅਮੇਠੀ ਤੋਂ ਹੀ ਚੋਣ ਲੜਾਉਣ ਦੀ ਤਿਆਰੀ 'ਚ ਹੈ।
ਹਾਲ ਹੀ 'ਚ ਸਮ੍ਰਿਤੀ ਨੇ ਅਮੇਠੀ ਦੇ ਕਾਫੀ ਦੌਰੇ ਕੀਤੇ ਸੀ। 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਅਤੇ ਗੁਜਰਾਤ ਦੇ ਵਡੋਦਰਾ ਲੋਕ ਸਭਾ ਸੀਟ ਤੋਂ ਵੀ ਚੋਣ ਲੜਿਆ ਸੀ ਅਤੇ ਦੋਵਾਂ ਹੀ ਸੀਟਾਂ 'ਤੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਰਾਹੁਲ ਦੇ ਤਿੰਨ ਲੋਕ ਸਭਾ ਸੀਟਾਂ 'ਤੇ ਚੋਣ ਲੜਨ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਹ ਮੋਦੀ ਨਾਲ ਸਖਤ ਮੁਕਾਬਲਾ ਕਰਨ ਲਈ ਤਿਆਰੀ 'ਚ ਹਨ।