ਮੋਦੀ ਨੇ ਰਾਫੇਲ ਘਪਲੇ 'ਚ ਜਾਂਚ ਤੋਂ ਬਚਣ ਲਈ ਹਟਾਇਆ ਸੀ.ਬੀ.ਆਈ. ਨਿਦੇਸ਼ਕ ਨੂੰ : ਰਾਹੁਲ ਗਾਂਧੀ

Thursday, Oct 25, 2018 - 06:12 PM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰ ਰਹੇ ਹਨ। ਰਾਹੁਲ ਗਾਂਧੀ ਦੀ ਇਹ ਪ੍ਰੈਸ ਕਾਨਫਰੰਸ ਸੀ.ਬੀ.ਆਈ. ਨੂੰ ਲੈ ਕੇ ਮਚੇ ਘਮਸਾਨ 'ਤੇ ਹੈ। ਸੀ.ਬੀ.ਆਈ. ਦੇ ਦੋ ਮੁੱਖ ਅਧਿਕਾਰੀਆਂ ਨੂੰ ਛੁੱਟੀ 'ਤੇ ਭੇਜੇ ਜਾਣ ਤੋਂ ਬਾਅਦ  ਕਾਂਗਰਸ ਪਾਰਟੀ ਲਗਾਤਾਰ ਮੋਦੀ ਸਰਕਾਰ 'ਤੇ ਹਮਲਾਵਰ ਹੈ। ਕਾਂਗਰਸ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਰਾਫੇਲ ਡੀਲ ਦੀ ਜਾਂਚ ਦੇ ਡਰ ਤੋਂ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਮੁੱਖ ਦਫਤਰ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਹੁਲ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਰਾਫੇਲ ਮਾਮਲੇ 'ਚ ਕੁਝ ਗਲਤ ਹੋਇਆ ਹੈ। ਸੀ.ਬੀ.ਆਈ. ਦੇ ਚੀਫ ਨੂੰ ਹਟਾਉਣ ਦਾ ਕੰਮ ਤਿੰਨ ਲੋਕਾਂ ਦੀ ਕਮੇਟੀ ਕਰਦੀ ਹੈ, ਜਿਸ 'ਚ ਪੀ.ਐੱਮ., ਨੇਤਾ ਵਿਰੋਧੀ ਧਿਰ ਤੇ ਚੀਫ ਜਸਟਿਸ ਸ਼ਾਮਲ ਹਨ। ਪੀ.ਐੱਮ. ਨੇ ਬਗੈਰ ਇਨ੍ਹਾਂ ਦੇ ਮਸ਼ਵਰੇ ਦੇ ਸੀ.ਬੀ.ਆਈ. ਦੇ ਮੁਖੀ ਨੂੰ ਹਟਾਇਆ। ਇਹ ਜਨਤਾ ਦਾ ਅਪਮਾਨ ਹੈ, ਸੰਵਿਧਾਨ ਦਾ ਅਪਮਾਨ ਹੈ, ਚੀਫ ਜਸਟਿਸ ਦਾ ਅਪਮਾਨ ਹੈ ਤੇ ਇਨ੍ਹਾਂ ਸਾਰਿਆਂ ਤੋਂ ਵਧ ਕੇ ਇਹ ਗੈਰ-ਕਾਨੂੰਨੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਰਾਤ ਦੇ 2 ਵਜੇ ਸੀ.ਬੀ.ਆਈ. 'ਤੇ ਕੀਤੀ ਗਈ ਕਾਰਵਾਈ ਦੇ ਪਿੱਛੇ ਦਾ ਕਾਰਨ ਹੈ ਕਿ ਸੀ.ਬੀ.ਆਈ. ਰਾਫੇਲ ਮਾਮਲੇ 'ਚ ਪ੍ਰਧਾਨ ਮੰਤਰੀ ਦੀ ਜਾਂਚ ਕਰਨ ਵਾਲੀ ਸੀ ਕਿਉਂਕਿ ਜੇਕਰ ਸੀ.ਬੀ.ਆਈ. ਜਾਂਚ ਹੋ ਜਾਵੇਗੀ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਪ੍ਰਧਾਨ ਮੰਤਰੀ ਨੇ ਰਾਫੇਲ ਮਾਮਲੇ 'ਚ ਭ੍ਰਿਸ਼ਟਾਚਾਰ ਕੀਤਾ।
ਰਾਹੁਲ ਨੇ ਕਿਹਾ ਕਿ 2 ਵਜੇ ਰਾਤ ਨੂੰ ਕਮਰੇ ਨੂੰ ਸੀਲ ਕੀਤਾ ਗਿਆ ਜੋ ਦਸਤਾਵੇਜ ਸਨ ਉਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਇਸ ਲਈ ਇਹ ਕਾਰਵਾਈ ਰਾਤ ਦੇ 2 ਵਜੇ ਕੀਤੀ ਗਈ। ਸੀ.ਬੀ.ਆਈ. ਨਿਦੇਸ਼ਕ ਆਲੋਕ ਵਰਮਾ ਦੀ ਜਾਸੂਸੀ 'ਤੇ ਰਾਹੁਲ ਨੇ ਕਿਹਾ ਕਿ ਪੀ.ਐੱਮ. ਮੋਦੀ ਸਾਰਿਆਂ ਦੀ ਜਾਸੂਸੀ ਕਰਦੇ ਹਨ।


Related News