ਰਾਹੁਲ ਨੇ ਝੁੱਗੀ-ਝੌਂਪੜੀ ਵਾਸੀਆਂ ਨੂੰ ਮਕਾਨ ਦੇਣ ਦਾ ਕੀਤਾ ਵਾਅਦਾ
Saturday, Mar 02, 2019 - 10:29 AM (IST)

ਮੁੰਬਈ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਸੱਤਾ 'ਚ ਆਉਣ 'ਤੇ 10 ਦਿਨਾਂ ਅੰਦਰ ਮੁੰਬਈ ਦੇ ਝੁੱਗੀ-ਝੌਂਪੜੀ ਵਾਸੀਆਂ ਨੂੰ 500 ਵਰਗ ਫੁੱਟ ਦੇ ਮਕਾਨ ਦੇਣ ਦਾ ਇਥੇ ਸ਼ੁੱਕਰਵਾਰ ਨੂੰ ਐਲਾਨ ਕੀਤਾ। ਰਾਹੁਲ ਨੇ ਐੱਮ. ਐੱਮ. ਆਰ. ਡੀ. ਏ. ਮੈਦਾਨ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 100 ਸਮਾਰਟ ਸ਼ਹਿਰ ਵਿਕਸਤ ਕਰਨ ਦੀ ਗੱਲ ਕਰਦੇ ਹਨ ਪਰ ਮੁੰਬਈ ਪਹਿਲਾਂ ਤੋਂ ਹੀ ਸਮਾਰਟ ਸਿਟੀ ਹੈ, ਇਸ ਦੀ ਮਜ਼ਬੂਤੀ ਅਤੇ ਸੰਭਾਵਨਾ ਨੂੰ ਮਾਨਤਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਦੇ ਡਾਇਰੈਕਟਰ ਨੂੰ ਅੱਧੀ ਰਾਤ ਨੂੰ ਹਟਾਉਣ ਦੀ ਕੀ ਲੋੜ ਸੀ। ਪਹਿਲੀ ਵਾਰ ਆਰ. ਬੀ. ਆਈ. ਦੇ ਗਵਰਨਰ ਨੂੰ ਅਸਤੀਫਾ ਦੇਣਾ ਪਿਆ ਹੈ।
'ਚੌਕੀਦਾਰ' ਦੇ ਭਾਰਤ 'ਚ ਹਾਈ ਕੋਰਟ ਦੇ ਜੱਜ ਨੇ ਪੱਤਰਕਾਰ ਸਮਾਗਮ ਕਰ ਕੇ ਭਾਰਤ ਦੇ ਲੋਕਾਂ ਲਈ ਨਿਆਂ ਦੀ ਮੰਗ ਕੀਤੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਮੀਡੀਆ ਵੀ ਇਨ੍ਹਾਂ ਦੇ ਕੰਟਰੋਲ 'ਚ ਹੈ। ਮਹਾਰਾਸ਼ਟਰ 'ਚ ਵਿਰੋਧੀ ਧਿਰ ਦੇ ਪ੍ਰਸਤਾਵਿਤ ਮਹਾਗਠਜੋੜ 'ਤੇ ਰਾਹੁਲ ਨੇ ਕਿਹਾ ਕਿ ਜੇ ਕੋਈ ਨਾਲ ਆਉਣਾ ਚਾਹੁੰਦਾ ਹੈ ਤਾਂ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ ਹਨ।