RSS ਮਾਣਹਾਨੀ ਮਾਮਲਾ : ਕੋਰਟ 'ਚ ਰਾਹੁਲ ਨੇ ਖੁਦ ਨੂੰ ਦੱਸਿਆ ਬੇਕਸੂਰ, ਮਿਲੀ ਜ਼ਮਾਨਤ

07/04/2019 12:01:11 PM

ਮੁੰਬਈ— ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜੇ ਇਕ ਮਾਣਹਾਨੀ ਕੇਸ 'ਚ ਰਾਹੁਲ ਗਾਂਧੀ ਨੂੰ ਕੋਰਟ ਵਲੋਂ ਪੇਸ਼ਗੀ ਜ਼ਮਾਨਤ ਮਿਲ ਗਈ ਹੈ। ਰਾਹੁਲ ਅੱਜ ਯਾਨੀ ਕਿ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਲਈ ਮੁੰਬਈ ਦੇ ਸ਼ਿਵੜੀ ਅਦਾਲਤ 'ਚ ਪੇਸ਼ ਹੋਏ। ਕੇਸ ਦੀ ਸੁਣਵਾਈ ਦੌਰਾਨ ਰਾਹੁਲ ਨੇ ਖੁਦ ਨੂੰ ਬੇਕਸੂਰ ਦੱਸਿਆ। ਇਸ ਤੋਂ ਬਾਅਦ ਕੋਰਟ ਨੇ 15,000 ਰੁਪਏ ਦੇ ਨਿਜੀ ਮੁਚਲਕੇ 'ਤੇ ਉਨ੍ਹਾਂ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ। ਇੱਥੇ ਦੱਸ ਦੇਈਏ ਕਿ ਰਾਹੁਲ ਗਾਂਧੀ ਵਿਰੁੱਧ ਇਕ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਵਰਕਰ ਨੇ ਸੰਘ ਦੀ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਦੋਸ਼ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਭਾਜਪਾ ਪਾਰਟੀ ਅਤੇ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨਾਲ ਜੋੜਿਆ ਸੀ। ਪੱਤਰਕਾਰ ਗੌਰੀ ਲੰਕੇਸ਼ ਦੀ ਸਤੰਬਰ 2017 ਵਿਚ ਬੈਂਗਲੁਰੂ ਵਿਚ ਉਨ੍ਹਾਂ ਦੇ ਘਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ਿਕਾਇਤਕਰਤਾ ਧਰੂਤੀਮਨ ਜੋਸ਼ੀ ਨੇ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਸੀ. ਪੀ. ਐੱਮ. ਨੇਤਾ ਸੀਤਾਰਾਮ ਯੇਚੁਰੀ 'ਤੇ ਵੀ ਅਜਿਹੇ ਮਾਮਲੇ ਦਾਇਰ ਕੀਤੇ ਸਨ, ਜਿਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਜੋਸ਼ੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਗੌਰੀ ਲੰਕੇਸ਼ ਦੀ ਹੱਤਿਆ ਦੇ 24 ਘੰਟਿਆਂ ਮਗਰੋਂ ਰਾਹੁਲ ਨੇ ਹੱਤਿਆ ਲਈ ਆਰ. ਐੱਸ. ਐੱਸ. ਅਤੇ ਉਸ ਦੀ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਇਸ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਕੋਰਟ 'ਚ ਪੇਸ਼ੀ ਲਈ ਮੁੰਬਈ ਪੁੱਜੇ ਤਾਂ ਕੋਰਟ ਦੇ ਬਾਹਰ ਮੌਜੂਦ ਕਾਂਗਰਸ ਵਰਕਰਾਂ ਨੇ ਉਨ੍ਹਾਂ ਦੇ ਸਮਰਥਨ 'ਚ ਨਾਅਰੇ ਲਾਏ। ਕਾਂਗਰਸ ਸਮਰਥਕਾਂ ਨੇ 'ਰਾਹੁਲ ਸੰਘਰਸ਼ ਕਰੋ, ਅਸੀਂ ਤੁਹਾਡੇ ਨਾਲ ਹਾਂ' ਦੇ ਨਾਅਰੇ ਲਾਏ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਗਾਂਧੀ ਮੁਤਾਬਕ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਲਈ ਖੁਦ ਨੂੰ ਜ਼ਿੰਮੇਵਾਰ ਮੰਨਿਆ, ਕਿਉਂਕਿ ਪਾਰਟੀ 542 'ਚੋਂ ਸਿਰਫ 52 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ। ਰਾਹੁਲ ਨੇ ਟਵਿੱਟਰ 'ਤੇ ਖੁੱਲ੍ਹੀ ਚਿੱਠੀ 'ਚ ਜਨਤਕ ਰੂਪ ਨਾਲ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।


Tanu

Content Editor

Related News