ਮਹਾਰਾਸ਼ਟਰ ’ਚ ਵੋਟਾਂ ਚੋਰੀ ਹੋਈਆਂ, CCTV ਕੈਮਰਿਆਂ ਦੀ ਫੁਟੇਜ ਤੁਰੰਤ ਜਾਰੀ ਕੀਤੀ ਜਾਵੇ : ਰਾਹੁਲ

Tuesday, Jun 24, 2025 - 10:11 PM (IST)

ਮਹਾਰਾਸ਼ਟਰ ’ਚ ਵੋਟਾਂ ਚੋਰੀ ਹੋਈਆਂ, CCTV ਕੈਮਰਿਆਂ ਦੀ ਫੁਟੇਜ ਤੁਰੰਤ ਜਾਰੀ ਕੀਤੀ ਜਾਵੇ : ਰਾਹੁਲ

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਸਾਲ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਮੰਗਲਵਾਰ ਨੂੰ ਇਕ ਵਾਰ ਫਿਰ ਸਵਾਲ ਉਠਾਏ ਅਤੇ ਦੋਸ਼ ਲਗਾਇਆ ਕਿ ਸੂਬੇ ਵਿਚ ਵੋਟਾਂ ਚੋਰੀ ਹੋਈਆਂ ਸਨ ਅਤੇ ਇਸ ਬਾਰੇ ਜਾਣਕਾਰੀ ਲੁਕਾਉਣਾ ਹੀ ਇਸਦਾ ਇਕਬਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਮਿਸ਼ਨ ਨੂੰ ਤੁਰੰਤ ਡਿਜੀਟਲ ਵੋਟਰ ਸੂਚੀ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਜਾਰੀ ਕਰਨੀ ਚਾਹੀਦੀ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਆਪਣੇ ਹਲਕੇ ਵਿਚ ਵੋਟਰਾਂ ਦੀ ਗਿਣਤੀ 5 ਮਹੀਨਿਆਂ ਵਿਚ ਸਿਰਫ 8 ਫੀਸਦੀ ਵਧੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਬੂਥਾਂ ’ਤੇ ਵੋਟਿੰਗ ਵਿਚ 20-50 ਫੀਸਦੀ ਵਾਧਾ ਦੇਖਿਆ ਗਿਆ। ਬੀ. ਐੱਲ. ਓਜ਼. ਨੇ ਅਣਪਛਾਤੇ ਵਿਅਕਤੀਆਂ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਰਿਪੋਰਟ ਕੀਤੀ। ਮੀਡੀਆ ਨੇ ਹਜ਼ਾਰਾਂ ਵੋਟਰਾਂ ਨੂੰ ਬਿਨਾਂ ਕਿਸੇ ਪ੍ਰਮਾਣਿਤ ਪਤੇ ਦੇ ਬੇਨਕਾਬ ਕੀਤਾ। ਅਤੇ ਚੋਣ ਕਮਿਸ਼ਨ? ਚੁੱਪ - ਜਾਂ ਮਿਲੀ-ਭੁਗਤ!

ਉਨ੍ਹਾਂ ਦੋਸ਼ ਲਗਾਇਆ ਕਿ ਇਹ ਵੱਖਰੀਆਂ-ਵੱਖਰੀਆਂ ਗੜਬੜੀਆਂ ਨਹੀਂ ਹਨ। ਇਹ ਵੋਟਾਂ ਦੀ ਚੋਰੀ ਹੈ। ਲੁਕਾਉਣਾ ਹੀ ਇਕਬਾਲ ਹੈ। ਰਾਹੁਲ ਗਾਂਧੀ ਨੇ ਕਿਹਾ ਿਕ ਇਸ ਲਈ ਅਸੀਂ ‘ਮਸ਼ੀਨ ਰੀਡੇਬਲ’ ਡਿਜੀਟਲ ਵੋਟਰ ਸੂਚੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਪਿਛਲੇ ਦਿਨੀਂ ਵੱਖ-ਵੱਖ ਭਾਸ਼ਾਵਾਂ ਦੀਆਂ ਅਖਬਾਰਾਂ ਵਿਚ ਲੇਖ ਲਿਖ ਕੇ ਵੀ ਮਹਾਰਾਸ਼ਟਰ ਵਿਧਾਨ ਸਭਾ ਚੋਣ ਦੀ ਪ੍ਰਕਿਰਿਆ ਨੂੰ ਲੈਕੇ ਸਵਾਲ ਉਠਾਏ ਸਨ।

ਸਾਰੀਆਂ ਚੋਣਾਂ ਨਿਯਮਾਂ ਮੁਤਾਬਕ ਕਰਵਾਈਆਂ ਜਾਂਦੀਆਂ ਹਨ : ਚੋਣ ਕਮਿਸ਼ਨ

ਦੂਜੇ ਪਾਸੇ, ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਕਮਿਸ਼ਨ ਵੱਲੋਂ ਸਾਰੀਆਂ ਚੋਣਾਂ ਸੰਸਦ ਦੁਆਰਾ ਪਾਸ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਕਰਵਾਈਆਂ ਜਾਂਦੀਆਂ ਹਨ। ਕਮਿਸ਼ਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੂਰੀ ਚੋਣ ਪ੍ਰਕਿਰਿਆ ਦੌਰਾਨ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ ਬੂਥ-ਪੱਧਰ ਦੇ ਏਜੰਟ ਵੀ ਸ਼ਾਮਲ ਹੁੰਦੇ ਹਨ।


author

Rakesh

Content Editor

Related News