ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਕਾਂਗਰਸ ਦੇਵੇਗੀ ਸਰਕਾਰ ਦਾ ਸਾਥ: ਰਾਹੁਲ ਗਾਂਧੀ

Saturday, Aug 25, 2018 - 05:50 PM (IST)

ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਕਾਂਗਰਸ ਦੇਵੇਗੀ ਸਰਕਾਰ ਦਾ ਸਾਥ: ਰਾਹੁਲ ਗਾਂਧੀ

ਲੰਡਨ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਭਾਜਪਾ ਸੰਸਦ ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਖੁਸ਼ੀ ਨਾਲ ਉਨ੍ਹਾਂ ਦਾ ਸਾਥ ਦੇਵੇਗੀ। ਲੰਡਨ ਸਕੂਲ ਆਫ ਇਕਨਾਮਿਕਸ ਵਿਚ ਇਕ ਚਰਚਾ ਦੌਰਾਨ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਦੇਸ਼ ਭੇਜਿਆ ਹੈ। ਰਾਹੁਲ ਨੇ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਸੰਦੇਸ਼ ਭੇਜਿਆ ਹੈ, ਜਿਸ ਦਿਨ ਉਹ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਾਉਣਾ ਚਾਹੁੰਦੇ ਹਨ, ਪੂਰੀ ਕਾਂਗਰਸ ਪਾਰਟੀ ਭਾਜਪਾ ਨਾਲ ਖੁਸ਼ੀ ਨਾਲ ਸਹਿਯੋਗ ਕਰੇਗੀ।''

ਰਾਜ ਸਭਾ ਵਿਚ ਮਾਰਚ 2010 'ਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰ ਦਿੱਤਾ ਸੀ ਪਰ ਲੋਕ ਸਭਾ ਵਿਚ ਇਹ ਬਿੱਲ ਅਟਕ ਗਿਆ। ਕਾਂਗਰਸ ਪ੍ਰਧਾਨ ਨੇ ਇਸ ਮੌਕੇ 'ਤੇ ਇਹ ਵੀ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਸੰਸਦ ਵਿਚ ਬਹਿਸ ਦਾ ਪੱਧਰ ਡਿੱਗਿਆ ਹੈ। ਉਨ੍ਹਾਂ ਨੇ ਕਿਹਾ, ''ਇਸੇ ਸੰਸਦ 'ਚ 50 ਅਤੇ 60 ਦੇ ਦਹਾਕੇ ਵਿਚ ਚਰਚਾ ਦਾ ਪੱਧਰ ਉੱਚਾ ਸੀ ਪਰ ਅੱਜ ਬਹਿਸ ਦਾ ਪੱਧਰ ਤੁਸੀਂ ਦੇਖੋਗੇ ਤਾਂ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਸੰਸਦ ਮੈਂਬਰਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ।'' 

ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਪਿਛਲੇ 70 ਸਾਲਾਂ ਵਿਚ ਭਾਰਤ ਦੇ ਇਤਿਹਾਸ ਨੂੰ ਦੇਖੋਗੇ ਤਾਂ ਤੁਸੀਂ ਸਮਝੋਗੇ ਕਿ ਵੱਡੀ ਗਿਣਤੀ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਅੱਗੇ ਵਧਣ ਵਿਚ ਸਫਲ ਰਹੇ ਹਨ। ਰਾਹੁਲ ਨੇ ਰਾਫੇਲ ਸੌਦੇ 'ਚ ਭ੍ਰਿਸ਼ਟਾਚਾਰ ਦੇ ਦੋਸ਼ ਦੋਹਰਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਕਾਰੋਬਾਰੀ ਦਾ ਪੱਖ ਲੈਣ ਦਾ ਦੋਸ਼ ਲਾਇਆ, ਜਿਸ ਕੋਲ ਜਹਾਜ਼ਾਂ ਦੇ ਉਤਪਾਦਨ 'ਚ ਕੋਈ ਤਜਰਬਾ ਨਹੀਂ ਸੀ।


Related News