ਕੁਰੂਕੁਸ਼ੇਤਰ ਪਹੁੰਚੇ ਰਾਹੁਲ ਗਾਂਧੀ: ਹਰਿਆਣਾ ਤੇ ਉੱਤਰਾਖੰਡ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਦੇਣਗੇ ਟ੍ਰੇਨਿੰਗ
Wednesday, Jan 21, 2026 - 11:42 AM (IST)
ਕੁਰੂਕਸ਼ੇਤਰ- ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹਰਿਆਣਾ ਦੇ ਦੌਰੇ 'ਤੇ ਹਨ। ਉਹ ਕੁਰੂਕਸ਼ੇਤਰ ਦੀ ਪੰਜਾਬੀ ਧਰਮਸ਼ਾਲਾ 'ਚ ਚੱਲ ਰਹੀ 'ਸੰਗਠਨ ਸਿਰਜਣ ਮੁਹਿੰਮ' ਦੇ ਟ੍ਰੇਨਿੰਗ ਕੈਂਪ 'ਚ ਹਿੱਸਾ ਲੈਣ ਲਈ ਪਹੁੰਚੇ ਹਨ।
ਭੁਪਿੰਦਰ ਸਿੰਘ ਹੁੱਡਾ ਨੇ ਕੀਤਾ ਸਵਾਗਤ
ਰਾਹੁਲ ਗਾਂਧੀ ਦਾ ਜਹਾਜ਼ ਅੱਜ ਸਵੇਰੇ 10:45 ਵਜੇ ਅੰਬਾਲਾ ਏਅਰਫੋਰਸ ਸਟੇਸ਼ਨ 'ਤੇ ਉਤਰਿਆ। ਉੱਥੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਦੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅੰਬਾਲਾ ਤੋਂ ਉਹ ਸੜਕ ਰਸਤੇ ਰਾਹੀਂ ਕੁਰੂਕਸ਼ੇਤਰ ਪਹੁੰਚੇ।
ਟ੍ਰੇਨਿੰਗ ਕੈਂਪ ਦਾ ਮੁੱਖ ਉਦੇਸ਼
ਇਸ ਟ੍ਰੇਨਿੰਗ ਕੈਂਪ 'ਚ ਹਰਿਆਣਾ ਦੇ 32 ਅਤੇ ਉੱਤਰਾਖੰਡ ਦੇ 27 ਕਾਂਗਰਸ ਜ਼ਿਲ੍ਹਾ ਪ੍ਰਧਾਨ ਹਿੱਸਾ ਲੈ ਰਹੇ ਹਨ। ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਅਨੁਸਾਰ, ਇਸ ਕੈਂਪ ਦਾ ਮੁੱਖ ਮਕਸਦ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਚੋਣਾਂ ਲੜਨ ਦੀ ਰਾਜਨੀਤੀ ਸਿਖਾਉਣਾ ਹੈ। ਰਾਹੁਲ ਗਾਂਧੀ ਨਾ ਸਿਰਫ਼ ਇਨ੍ਹਾਂ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਕਰਨਗੇ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ। ਇਹ ਕੈਂਪ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 22 ਜਨਵਰੀ ਤੱਕ ਜਾਰੀ ਰਹੇਗਾ।
ਸੰਗਠਨ 'ਚ ਵੱਡਾ ਫੇਰਬਦਲ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੰਡੀਗੜ੍ਹ 'ਚ ਹੋਈ ਇਕ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਸੀ ਕਿ ਸੰਗਠਨ ਦੀ ਬਣਤਰ 'ਚ ਕਿਸੇ ਵੀ ਨੇਤਾ ਦੀ ਸਿਫ਼ਾਰਸ਼ ਨਹੀਂ ਚੱਲੇਗੀ। ਇਸੇ ਸਿਲਸਿਲੇ ਤਹਿਤ ਕਾਂਗਰਸ ਨੇ ਹਾਲ ਹੀ 'ਚ 20 ਜ਼ਿਲ੍ਹਿਆਂ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਹੈ। ਇਸ ਤੋਂ ਪਹਿਲਾਂ ਸਤੰਬਰ 'ਚ ਉਦੈਭਾਨ ਦੀ ਜਗ੍ਹਾ ਰਾਓ ਨਰਿੰਦਰ ਸਿੰਘ ਨੂੰ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਬ੍ਰਹਮ ਸਰੋਵਰ ਦੀ ਆਰਤੀ 'ਚ ਹੋ ਸਕਦੇ ਹਨ ਸ਼ਾਮਲ
ਮਿਲੀ ਜਾਣਕਾਰੀ ਅਨੁਸਾਰ, ਟ੍ਰੇਨਿੰਗ ਕੈਂਪ ਤੋਂ ਬਾਅਦ ਰਾਹੁਲ ਗਾਂਧੀ ਸ਼ਾਮ ਨੂੰ ਕੁਰੂਕਸ਼ੇਤਰ ਦੇ ਇਤਿਹਾਸਕ ਬ੍ਰਹਮ ਸਰੋਵਰ 'ਤੇ ਹੋਣ ਵਾਲੀ ਆਰਤੀ 'ਚ ਵੀ ਸ਼ਾਮਲ ਹੋ ਸਕਦੇ ਹਨ। ਇਸ ਤੋਂ ਬਾਅਦ ਉਹ ਵਾਪਸ ਦਿੱਲੀ ਲਈ ਰਵਾਨਾ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
