ਸਿੱਖਿਆ ਵਿਵਸਥਾ ਦੀ ਬਰਬਾਦੀ ਦੀ ਕੀਮਤ ਚੁਕਾ ਰਹੀ ਹੈ ਨੌਜਵਾਨ ਪੀੜ੍ਹੀ : ਰਾਹੁਲ ਗਾਂਧੀ
Thursday, Jun 04, 2026 - 10:50 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਾਗਪੁਰ 'ਚ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਦੀ ਤਿਆਰੀ ਕਰਨ ਵਾਲੀ ਇਕ ਵਿਦਿਆਰਥਣ ਦੀ ਖੁਦਕੁਸ਼ੀ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਪਿਛਲੇ 12 ਸਾਲਾਂ 'ਚ ਸਿੱਖਿਆ ਵਿਵਸਥਾ ਦੀ ਬਰਬਾਦੀ ਦੀ ਕੀਮਤ ਪੂਰੀ ਇਕ ਨੌਜਵਾਨ ਪੀੜ੍ਹੀ ਚੁਕਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ 'ਵਿਦਿਆਰਥਣ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਮੋਦੀ ਜੀ ਦੀ ਇਕ ਭ੍ਰਿਸ਼ਟ, ਟੁੱਟੀ ਹੋਈ ਵਿਵਸਥਾ ਦੀ ਦੇਣ ਹੈ।''

ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਆਕਾਂਸ਼ਾ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਸੀ। ਆਕਾਂਸ਼ਾ ਦੇ ਪਿਤਾ ਕਿਸਾਨ ਹਨ। ਬੇਟੀ ਦੇ ਡਾਕਟਰ ਬਣਨ ਦੇ ਸੁਪਨੇ ਲਈ ਕਿਸਾਨ ਨੇ ਕ੍ਰੇਡਿਟ ਕਾਰਡ 'ਤੇ ਤਿੰਨ ਲੱਖ ਰੁਪਏ ਦਾ ਕਰਜ਼ ਲਿਆ। ਨਾਗਪੁਰ 'ਚ ਖੁਦ ਰਸੋਈਏ ਦੀ ਨੌਕਰੀ ਕਰ ਲਈ ਤਾਂ ਕਿ ਬੇਟੀ ਉੱਥੇ ਕੋਚਿੰਗ ਕਰ ਸਕੇ।'' ਉਨ੍ਹਾਂ ਕਿਹਾ,''ਇਕ ਪਿਤਾ ਜੋ ਕਰ ਸਕਦਾ ਸੀ, ਉਸ ਨੇ ਸਭ ਕੀਤਾ। ਫਿਰ ਨੀਟ ਪੇਪਰ ਲੀਕ ਹੋਇਆ। ਪ੍ਰੀਖਿਆ ਰੱਦ ਹੋਈ। ਉਸ ਬੇਨਿਯਮੀ 'ਚ ਆਕਾਂਸ਼ਾ ਸਾਨੂੰ ਛੱਡ ਕੇ ਚਲੀ ਗਈ।'' ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ,''ਅਤੇ ਧਰਮੇਂਦਰ ਪ੍ਰਧਾਨ ਜੀ? ਅੱਜ ਵੀ ਕੁਰਸੀ 'ਤੇ ਹਨ। ਫਿਰ ਉਹੀ ਕਮੇਟੀ। ਉਹੀ ਤਬਾਦਲਾ। ਉਹੀ ਜਾਂਚ। ਨਾ ਸੁਧਾਰ, ਨਾ ਨਿਆਂ।'' ਰਾਹੁਲ ਗਾਂਧੀ ਨੇ ਕਿਹਾ,''ਮੋਦੀ ਜੀ, ਕੁਰਸੀ ਸਥਾਈ ਨਹੀਂ ਹੁੰਦੀ, ਆਉਂਦੀ-ਜਾਂਦੀ ਰਹਿੰਦੀ ਹੈ। ਪਰ ਤੁਸੀਂ 12 ਸਾਲਾਂ 'ਚ ਸਿੱਖਿਆ ਵਿਵਸਥਾ ਨੂੰ ਜਿਸ ਹੱਦ ਤੱਕ ਬਰਬਾਦ ਕੀਤਾ ਹੈ, ਉਸ ਦੀ ਕੀਮਤ ਭਾਰਤ ਦੀ ਇਕ ਪੂਰੀ ਨੌਜਵਾਨ ਪੀੜ੍ਹੀ ਚੁਕਾ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
