ਸੋਨਮ ਰਘੂਵੰਸ਼ੀ ਦੀ ਜ਼ਮਾਨਤ ''ਤੇ ਰੋਕ ਨਹੀਂ, ਸੁਪਰੀਮ ਕੋਰਟ ਨੇ ਕਿਹਾ- ''ਹੁਣ ਉਹ ਜੇਲ੍ਹ ਤੋਂ ਰਿਹਾਅ ਹੋ ਚੁੱਕੀ ਹੈ''
Friday, Jul 03, 2026 - 01:49 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ 2025 'ਚ ਹਨੀਮੂਨ ਦੌਰਾਨ ਪਤੀ ਦਾ ਕਤਲ ਕਰਨ ਦੀ ਦੋਸ਼ੀ ਸੋਨਮ ਰਘੂਵੰਸ਼ੀ ਨੂੰ ਜ਼ਮਾਨਤ ਦੇਣ ਦੇ ਮੇਘਾਲਿਆ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾਉਣ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰ ਦਿੱਤਾ। ਜੱਜ ਐੱਮ.ਐੱਮ. ਸੁੰਦਰੇਸ਼ ਅਤੇ ਜੱਜ ਸ਼ੀਲ ਨਾਗੂ ਦੀ ਬੈਂਚ ਨੇ ਹਾਈ ਕੋਰਟ ਦੇ ਆਦੇਸ਼ 'ਤੇ ਇਤਰਾਜ਼ ਜਤਾਇਆ ਪਰ ਇਹ ਕਹਿੰਦੇ ਹੋਏ ਉਸ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਸੋਨਮ ਰਘੂਵੰਸ਼ੀ ਜੇਲ੍ਹ ਤੋਂ ਰਿਹਾਅ ਹੋ ਚੁੱਕੀ ਹੈ ਅਤੇ ਅਧੀਨ ਅਦਾਲਤ ਦੀ ਜ਼ਮਾਨਤ ਸ਼ਰਤਾਂ ਦੇ ਅਧੀਨ ਸ਼ਿਲਾਂਗ 'ਚ ਰਹਿ ਰਹੀ ਹੈ।
ਸੂਬਾ ਸਰਕਾਰ ਵਲੋਂ ਪੇਸ਼ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੋਨਮ ਰਘੂਵੰਸ਼ੀ ਖ਼ਿਲਾਫ਼ ਦੋਸ਼ ਗੰਭੀਰ ਹਨ ਅਤੇ ਉਸ ਨੂੰ ਤਕਨੀਕੀ ਆਧਾਰ 'ਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਮਹਿਤਾ ਨੇ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਪਰ ਬੈਂਚ ਨੇ ਇਹ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਸੁਪਰੀਮ ਕੋਰਟ 'ਚ ਛੁੱਟੀਆਂ ਮਗਰੋਂ ਕੰਮਕਾਜ ਮੁੜ ਸ਼ੁਰੂ ਹੋਣ 'ਤੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ।
ਮੇਘਾਲਿਆ ਸਰਕਾਰ ਨੇ ਮਾਮਲੇ ਦੀ ਮੁੱਖ ਦੋਸ਼ੀ ਨੂੰ ਦਿੱਤੀ ਗਈ ਜ਼ਮਾਨਤ ਖ਼ਿਲਾਫ਼ ਵੀਰਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਮੱਧ ਪ੍ਰਦੇਸ਼ ਦੀ ਇੰਦੌਰ ਵਾਸੀ ਸੋਨਮ ਨੂੰ ਉਸ ਦੇ ਕਾਰੋਬਾਰੀ ਪਤੀ ਰਾਜਾ ਰਘੂਵੰਸ਼ੀ ਦੇ ਕਤਲ ਦੇ ਦੋਸ਼ 'ਚ ਪਿਛਲੇ ਸਾਲ ਜੂਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਨੀਮੂਨ ਲਈ ਮੇਘਾਲਿਆ ਗਏ ਰਾਜਾ ਅਤੇ ਸੋਨਮ ਪਿਛਲੇ ਸਾਲ 23 ਮਈ ਨੂੰ ਸੋਹਰਾ ਇਲਾਕੇ 'ਚ ਲਾਪਤਾ ਹੋ ਗਏ ਸਨ। ਇਸ ਤੋਂ ਬਾਅਦ ਰਾਜਾ ਰਘੂਵੰਸ਼ੀ ਦੀ ਲਾਸ਼ 2 ਜੂਨ 2025 ਨੂੰ ਇਕ ਡੂੰਘੀ ਖੱਡ 'ਚ ਮਿਲੀ ਸੀ। ਪੁਲਸ ਨੇ ਦੋਸ਼ ਲਗਾਇਆ ਹੈ ਕਿ ਸੋਨਮ ਰਘੂਵੰਸ਼ੀ ਨੇ ਕਿਰਾਏ ਦੇ ਹਮਲਾਵਰਾਂ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਸਾਜਿਸ਼ ਰਚੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
