ਉਂਗਲ ਨਾਲ ਲਹੂ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਹਨ ਰਾਹੁਲ: ਰਵੀਸ਼ੰਕਰ
Sunday, Mar 26, 2023 - 03:05 PM (IST)
ਨਵੀਂ ਦਿੱਲੀ (ਭਾਸ਼ਾ)- ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਾਹੁਲ ’ਤੇ ਅਪਮਾਨ ਦੇ 60 ਮਾਮਲੇ ਚੱਲ ਰਹੇ ਹਨ। ਰਾਹੁਲ ਜੇਕਰ ਅਜਿਹੀਆਂ ਗੱਲਾਂ ਜਾਣ-ਬੁੱਝ ਕੇ ਕਰਦੇ ਹਨ ਤਾਂ ਭਾਜਪਾ ਮੰਨਦੀ ਹੈ ਕਿ ਰਾਹੁਲ ਨੇ ਪਿਛੜੇ ਵਰਗਾਂ ਦਾ ਅਪਮਾਨ ਕੀਤਾ ਹੈ। ਭਾਜਪਾ ਪੂਰੇ ਦੇਸ਼ ’ਚ ਰਾਹੁਲ ਦੇ ਬਿਆਨ ਦੇ ਖਿਲਾਫ਼ ਅੰਦੋਲਨ ਕਰੇਗੀ। ਉਨ੍ਹਾਂ ਕਿਹਾ ਕਿ ਰਾਹੁਲ ’ਤੇ ਸੂਰਤ ’ਚ ਕੇਸ ਦਰਜ ਹੋਇਆ। ਉਨ੍ਹਾਂ ਕੋਲ ਵੱਡੇ-ਵੱਡੇ ਵਕੀਲਾਂ ਦੀ ਫੌਜ ਹੈ। ਅਖੀਰ ਕਿਉਂ ਰਾਹੁਲ ਦੇ ਮਾਮਲੇ ’ਚ ਉਹ ਲੋਕ ਸੂਰਤ ਕੋਰਟ ’ਚ ਨਹੀਂ ਗਏ। ਜਦੋਂ ਪਵਨ ਖੇੜਾ ਦਾ ਮਾਮਲਾ ਸੀ ਤਾਂ ਵੱਡੇ-ਵੱਡੇ ਵਕੀਲਾਂ ਦੀ ਫੌਜ ਉਨ੍ਹਾਂ ਦੇ ਮਾਮਲੇ ’ਚ ਪਹੁੰਚ ਗਈ ਸੀ।
ਪ੍ਰਸਾਦ ਨੇ ਕਿਹਾ ਕਿ ਮੋਦੀ ਦੀ ਸਭ ਤੋਂ ਵੱਡੀ ਗਿਣਤੀ ਪਿਛੜੇ ਸਮਾਜ ਤੋਂ ਆਉਂਦੀ ਹੈ। ਆਲੋਚਨਾ ਦਾ ਅਧਿਕਾਰ, ਗਾਲ੍ਹਾ ਕੱਢਣ ਦਾ ਅਧਿਕਾਰ ਰਾਹੁਲ ਗਾਂਧੀ ਨੂੰ ਨਹੀਂ ਹੈ। ਰਾਹੁਲ ਨੇ ਭਾਈਚਾਰੇ ਨੂੰ ਗਾਲ੍ਹ ਦਿੱਤੀ ਹੈ, ਅਪਮਾਨ ਕੀਤਾ ਹੈ। ਜੇਕਰ ਰਾਹੁਲ ਨੂੰ ਗਲਤ ਗੱਲ ਕਹਿਣ ਦਾ ਅਧਿਕਾਰ ਹੈ ਤਾਂ ਪਿਛੜੇ ਵਰਗਾਂ ਨੂੰ ਵੀ ਕੋਰਟ ਜਾਣ ਦਾ ਅਧਿਕਾਰ ਹੈ। ਕੋਰਟ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਦਾ ਮੌਕਾ ਦਿੱਤਾ, ਤਾਂ ਉਨ੍ਹਾਂ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ।
ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ’ਚ ਕਾਨੂੰਨ ਹੈ ਕਿ ਦੋ ਸਾਲ ਦੀ ਸਜ਼ਾ ਹੋਵੇਗੀ ਤਾਂ ਤੁਸੀਂ ਤੁਰੰਤ ਡਿਸਕੁਆਲੀਫਾਈ ਹੋ ਜਾਓਗੇ। ਸੁਪਰੀਮ ਕੋਰਟ ਇਹ ਗੱਲ ਕਹਿ ਚੁੱਕੀ ਹੈ, ਤਾਂ ਕਾਂਗਰਸ ਪਾਰਟੀ ਵੱਲੋਂ ਰਾਹੁਲ ਦੇ ਮਾਮਲੇ ’ਚ ਸਟੇਅ ਹਾਸਲ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ। ਇਹ ਉਂਗਲ ਨਾਲ ਲਹੂ ਲਾ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜੋ ਪੂਰਾ ਮਾਮਲਾ ਹੈ, ਇਹ ਸਭ ਸੋਚੀ-ਸਮਝੀ ਰਣਨੀਤੀ ਹੈ ਕਿ ਰਾਹੁਲ ਨੂੰ ਬਲੀਦਾਨੀ ਦੱਸੋ ਅਤੇ ਕਰਨਾਟਕ ਚੋਣਾਂ ’ਚ ਇਸ ਦਾ ਫਾਇਦਾ ਲਓ। ਰਾਹੁਲ ਨੂੰ ਪੀੜਤ ਵਿਖਾਓ ਅਤੇ ਕਾਂਗਰਸ ਬਚਾਓ। ਇਸ ਦਾ ਜਵਾਬ ਤਾਂ ਤੁਹਾਨੂੰ ਦੇਣਾ ਪਵੇਗਾ।
ਪ੍ਰਸਾਦ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਤੁਹਾਡੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤੁਹਾਡੇ ਲਈ ਵਕੀਲਾਂ ਦੀ ਫੌਜ ਨੇ ਸਟੇਅ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਜੇਕਰ ਦੇਸ਼ ’ਚ ਸਾਰਿਆਂ ਦੇ ਲਈ ਇਕ ਹੀ ਕਾਨੂੰਨ ਹੈ ਤਾਂ ਕੀ ਤੁਹਾਡੇ ਲਈ ਵੱਖਰਾ ਕਾਨੂੰਨ ਬਣੇਗਾ। ਪ੍ਰਸਾਦ ਨੇ ਕਿਹਾ ਕਿ ਅੱਜ ਰਾਹੁਲ ਨੇ ਫਿਰ ਇਕ ਝੂਠ ਬੋਲਿਆ ਕਿ ਉਨ੍ਹਾਂ ਲੰਡਨ ’ਚ ਕੁਝ ਗਲਤ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਰਾਹੁਲ ਦੀ ਰਾਜਨੀਤੀ ਬਹੁਤ ਸਿੱਧੀ ਹੈ। ਅਸੀਂ ਜਿੱਤਾਂਗੇ ਤਾਂ ਲੋਕਤੰਤਰ ਠੀਕ ਹੈ, ਅਸੀਂ ਹਾਰਾਂਗੇ ਤਾਂ ਲੋਕਤੰਤਰ ਖ਼ਰਾਬ ਹੈ। ਅਸੀਂ ਜਿੱਤਾਂਗੇ ਤਾਂ ਚੋਣ ਕਮਿਸ਼ਨ ਠੀਕ ਹੈ, ਅਸੀਂ ਹਾਰਾਂਗੇ ਤਾਂ ਚੋਣ ਕਮਿਸ਼ਨ ਗਲਤ ਹੈ। ਸਾਡੇ ਪੱਖ ’ਚ ਫੈਸਲਾ ਆਵੇਗਾ ਤਾਂ ਅਦਾਲਤ ਠੀਕ ਹੈ, ਸਾਡੇ ਪੱਖ ’ਚ ਨਹੀਂ ਤਾਂ ਅਦਾਲਤ ਖ਼ਰਾਬ ਹੈ।