ਸੜਕ ਤੋਂ ਲੈ ਕੇ ਆਸਮਾਨ ਤੱਕ ਸੁਰੱਖਿਆ ਸਖ਼ਤ, ਰਾਫੇਲ ਦੀ ਇਕ ਝਲਕ ਵੇਖਣ ਲਈ ਛੱਤਾਂ 'ਤੇ ਚੜ੍ਹੇ ਲੋਕ

Wednesday, Jul 29, 2020 - 02:05 PM (IST)

ਸੜਕ ਤੋਂ ਲੈ ਕੇ ਆਸਮਾਨ ਤੱਕ ਸੁਰੱਖਿਆ ਸਖ਼ਤ, ਰਾਫੇਲ ਦੀ ਇਕ ਝਲਕ ਵੇਖਣ ਲਈ ਛੱਤਾਂ 'ਤੇ ਚੜ੍ਹੇ ਲੋਕ

ਅੰਬਾਲਾ— ਚੀਨ ਨਾਲ ਤਣਾਅ ਦਰਮਿਆਨ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਅੱਜ ਯਾਨੀ ਕਿ ਅੰਬਾਲਾ ਏਅਰਬੇਸ 'ਤੇ ਪਹੁੰਚਣ ਵਾਲੇ ਹਨ। ਅੱਜ ਦੁਪਹਿਰ ਤੱਕ ਰਾਫੇਲ ਜਹਾਜ਼ ਭਾਰਤ ਪਹੁੰਚ ਜਾਣਗੇ। ਇਸ ਦੇ ਪਹੁੰਚਣ ਤੋਂ ਪਹਿਲਾਂ ਅੰਬਾਲਾ ਦੀ ਜਨਤਾ ਰਾਫੇਲ ਦੀ ਇਕ ਝਲਕ ਪਾਉਣ ਦੀ ਉਡੀਕ 'ਚ ਪਲਕਾਂ ਵਿਛਾ ਕੇ ਬੈਠੀ ਹੈ। ਅੰਬਾਲਾ ਸਥਿਤ ਏਅਰਬੇਸ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਸਕਦੇ ਹਨ, ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਦੇ 4 ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅੰਬਾਲਾ ਪ੍ਰਸ਼ਾਸਨ ਨੇ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਸ਼ਾਮ 5 ਵਜੇ ਤੱਕ ਇਹ ਸਖਤੀ ਰਹੇਗੀ। ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਪ੍ਰਾਈਵੇਟ ਡਰੋਨ ਉਡਾਉਣ ਤੋਂ ਰੋਕਿਆ ਹੈ ਅਤੇ ਛੱਤਾਂ 'ਤੇ ਖੜ੍ਹੇ ਹੋਣ ਅਤੇ ਤਸਵੀਰਾਂ ਖਿੱਚਣ 'ਤੇ ਵੀ ਰੋਕ ਲਾਈ ਗਈ ਹੈ। ਅੰਬਾਲਾ ਵਿਚ ਰਾਫੇਲ ਨੂੰ ਲੈ ਕੇ ਸੜਕ ਤੋਂ ਲੈ ਕੇ ਆਸਮਾਨ ਤੱਕ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। 

PunjabKesari

ਸੂਤਰਾਂ ਮੁਤਾਬਕ ਰਾਫੇਲ ਜਹਾਜ਼ ਯੂ. ਏ. ਈ. ਤੋਂ ਰਵਾਨਾ ਹੋ ਚੁੱਕੇ ਹਨ। ਦੁਪਹਿਰ 2 ਤੋਂ 2.30 ਵਜੇ ਦਰਮਿਆਨ ਅੰਬਾਲਾ ਏਅਰਬੇਸ 'ਤੇ ਪਹੁੰਚ ਜਾਣਗੇ। ਸੋਮਵਾਰ ਨੂੰ ਹੀ ਰਾਫੇਲ ਫਰਾਂਸ ਤੋਂ ਰਵਾਨਾ ਹੋ ਗਏ ਸਨ ਅਤੇ ਉਹ ਯੂ. ਏ. ਈ. ਰੁੱਕੇ ਸਨ। ਦੱਸ ਦੇਈਏ ਕਿ ਸੋਮਵਾਰ ਨੂੰ 5 ਰਾਫੇਲ ਜਹਾਜ਼ ਫਰਾਂਸ ਤੋਂ ਰਵਾਨਾ ਹੋਏ ਅਤੇ ਸਾਢੇ 7 ਘੰਟੇ ਬਾਅਦ ਯੂ. ਏ. ਈ. ਦੇ ਏਅਰਬੇਸ 'ਤੇ ਲੈਂਡ ਕੀਤੇ ਸਨ। ਇਹ ਜਹਾਜ਼ ਅੱਜ ਅੰਬਾਲਾ ਏਅਰਬੇਸ ਪਹੁੰਚਣਗੇ। ਸਫਰ ਦੌਰਾਨ ਹਵਾ 'ਚ ਹੀ ਇਨ੍ਹਾਂ ਜਹਾਜ਼ਾਂ ਵਿਚ ਈਂਧਨ ਭਰਿਆ ਗਿਆ। ਭਾਰਤੀ ਹਵਾਈ ਫ਼ੌਜ ਨੇ ਇਸ ਨੂੰ ਲੈ ਕੇ ਫਰਾਂਸੀਸੀ ਹਵਾਈ ਫ਼ੌਜ ਦਾ ਖਾਸ ਤੌਰ 'ਤੇ ਧੰਨਵਾਦ ਜਤਾਇਆ ਹੈ। ਓਧਰ ਅੰਬਾਲਾ ਲਈ ਇਹ ਮਾਣ ਦੀ ਗੱਲ ਹੈ ਕਿ 5 ਰਾਫੇਲ ਜਹਾਜ਼ਾਂ ਦੀ ਤਾਇਨਾਤੀ ਇੱਥੋਂ ਦੇ ਏਅਰਬੇਸ 'ਚ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਅੰਬਾਲਾ ਸ਼ਹਿਰ ਦੀ ਜਨਤਾ ਵੀ ਖ਼ੁਦ ਨੂੰ ਮਾਣ ਨਾਲ ਭਰਿਆ ਮਹਿਸੂਸ ਕਰ ਰਹੀ ਹੈ। ਲੋਕ ਘਰਾਂ ਦੀਆਂ ਛੱਤਾਂ 'ਤੇ ਇਕੱਠੇ ਹੋ ਕੇ ਬੈਠੇ ਹਨ, ਜਦੋਂ ਰਾਫੇਲ ਦੀ ਗੂੰਜ ਸੁਣਾਈ ਦੇਵੇ ਤਾਂ ਇਸ ਲੜਾਕੂ ਜਹਾਜ਼ਾਂ ਦੀ ਇਕ ਝਲਕ ਵੇਖ ਸਕਣ।


author

Tanu

Content Editor

Related News