ਇਤਿਹਾਸਕਾਰਾਂ ਨੇ ਕਿਹਾ- ਕੁਤੁਬ ਮੀਨਾਰ ਦਾ ਮੁਗਲਾਂ ਨਾਲ ਕੋਈ ਸਬੰਧ ਨਹੀਂ ਹੈ, ਇਹ ਬਾਬਰ ਤੋਂ 300 ਸਾਲ ਪਹਿਲਾਂ ਬਣੀ

Friday, Jun 10, 2022 - 11:19 AM (IST)

ਇਤਿਹਾਸਕਾਰਾਂ ਨੇ ਕਿਹਾ- ਕੁਤੁਬ ਮੀਨਾਰ ਦਾ ਮੁਗਲਾਂ ਨਾਲ ਕੋਈ ਸਬੰਧ ਨਹੀਂ ਹੈ, ਇਹ ਬਾਬਰ ਤੋਂ 300 ਸਾਲ ਪਹਿਲਾਂ ਬਣੀ

ਨਵੀਂ ਦਿੱਲੀ– ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਕੁਤੁਬ ਮੀਨਾਰ ਮੁਗਲਾਂ ਦੇ ਆਉਣ ਤੋਂ 300 ਸਾਲ ਪਹਿਲਾਂ ਬਣਾਈ ਗਈ ਸੀ । ਇਸ ਦਾ ਮੁਗਲ ਕਾਲ ਨਾਲ ਕੋਈ ਸਬੰਧ ਨਹੀਂ ਹੈ | ਇਤਿਹਾਸਕਾਰਾਂ ਨੇ ਇਹ ਗੱਲ ਸੋਸ਼ਲ ਮੀਡੀਆ ਦੇ ਇਕ ਹਿੱਸੇ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਹੀ ਹੈ।

ਦੇਸ਼ ਦੀ ਸਭ ਤੋਂ ਉੱਚੀ ਮੀਨਾਰ ਦੀ ਲੰਬਾਈ 72.5 ਮੀਟਰ ਹੈ ਅਤੇ ਇਹ 13ਵੀਂ ਸਦੀ ਵਿੱਚ ਪੂਰੀ ਹੋਈ ਸੀ। ਇਕ ਟੈਲੀਵਿਜ਼ਨ ਚੈਨਲ ਅਤੇ ਇਕ ਨਿਊਜ਼ ਵੈੱਬਸਾਈਟ ’ਤੇ ਇਸ ਨੂੰ ਮੁਗਲ ਕਾਲ ਦਾ ਦੱਸਿਆ ਜਾ ਰਿਹਾ ਹੈ। ਇਸ ਦਾਅਵੇ ਨੂੰ ਝੂਠਾ ਕਰਾਰ ਦਿੰਦੇ ਹੋਏ ਸੋਸ਼ਲ ਮੀਡੀਆ ’ਤੇ ਕਈ ਪੋਸਟਾਂ ਲਿਖੀਆਂ ਜਾ ਰਹੀਆਂ ਹਨ।

ਇਤਿਹਾਸਕਾਰ ਕਹਿੰਦੇ ਹਨ ਕਿ ਕੁਤੁਬ ਮੀਨਾਰ 1193 ਵਿੱਚ ਕੁਤੁਬਦੀਨ ਐਬਕ ਵਲੋਂ ਬਣਾਈ ਗਈ ਸੀ ਜਿਸ ਨੇ ਭਾਰਤ ਵਿੱਚ ਗੁਲਾਮ ਰਾਜ ਘਰਾਣੇ ਦੀ ਨੀਂਹ ਰੱਖੀ ਸੀ। ਮੁਗਲ ਭਾਰਤ ਵਿੱਚ ਉਦੋਂ ਆਏ ਜਦੋਂ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਲੋਧੀ ਘਰਾਣੇ ਦੇ ਆਖ਼ਰੀ ਬਾਦਸ਼ਾਹ ਇਬਰਾਹਿਮ ਖਾਨ ਲੋਧੀ ਨੂੰ 1526 ਵਿਚ ਹਰਾਇਆ ਸੀ। ਇਤਿਹਾਸਕਾਰ ਇਰਫਾਨ ਹਬੀਬ ਨੇ ਦੱਸਿਆ ਕਿ ਕੁਤਬੁੱਦੀਨ ਐਬਕ ਨੇ ਇਸ ਢਾਂਚੇ ਦਾ ਆਧਾਰ ਬਣਾਇਆ ਸੀ ਅਤੇ ਉਸ ਦੇ ਜਵਾਈ ਸ਼ਮਸੂਦੀਨ ਨੇ 13ਵੀਂ ਸਦੀ ਦੇ ਸ਼ੁਰੂ ਵਿੱਚ ਮੀਨਾਰ ਵਿੱਚ 3 ਹੋਰ ਮੰਜ਼ਿਲਾਂ ਬਣਾ ਕੇ ਇਸ ਦਾ ਨਿਰਮਾਣ ਪੂਰਾ ਕੀਤਾ ਸੀ।


author

Rakesh

Content Editor

Related News