ਮਤਭੇਦਾਂ ਨੂੰ ਪਾਸੇ ਰੱਖ ਕੇ ਭਾਜਪਾ ਦੇ ਖਿਲਾਫ ਇਕਜੁੱਟ ਹੋਵੋ : ਪਵਾਰ
Wednesday, Aug 24, 2022 - 01:09 PM (IST)
ਨਵੀਂ ਦਿੱਲੀ– ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਆਪਣੇ-ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ 2024 ਦੀਆਂ ਲੋਕ ਸਭਾ ਚੋਣਾਂ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਆਮ ਆਦਮੀ ਪਾਰਟੀ (ਆਪ) ਨਾਲ ਖੜ੍ਹੇ ਨਾ ਹੋਣ ’ਤੇ ਕਾਂਗਰਸ ਨੂੰ ਵੀ ਝਿੜਕਿਆ। ‘ਆਪ’ ਦਿੱਲੀ ਆਬਕਾਰੀ ਨੀਤੀ 2021 ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ। ਪਵਾਰ ਨੇ ਪਾਰਟੀ ਦੀ ਘੱਟ ਗਿਣਤੀ ਇਕਾਈ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਕਾਂਗਰਸ ਦਾ ਫਰਜ਼ ਹੈ... ਤੁਹਾਡੇ ਅਰਵਿੰਦ ਕੇਜਰੀਵਾਲ ਨਾਲ ਮਤਭੇਦ ਹੋ ਸਕਦੇ ਹਨ ਪਰ ਸਾਡੀ ਅਸਲ ਲੜਾਈ ਭਾਜਪਾ ਨਾਲ ਹੈ।’’
ਉਨ੍ਹਾਂ ਕਿਹਾ, ‘ਇੱਥੋਂ ਤਕ ਕਿ ਐਮਰਜੈਂਸੀ ਦੌਰਾਨ ਵੀ ਸਿਆਸੀ ਦ੍ਰਿਸ਼ ’ਤੇ ਇਹ ਭਾਵਨਾ ਸੀ ਕਿ ਅਗਲੇ 25 ਸਾਲਾਂ ਤੱਕ ਕੋਈ ਬਦਲਾਅ ਨਹੀਂ ਹੋ ਸਕਦਾ ਪਰ ਲੋਕਾਂ ਨੇ 1977 ’ਚ ਹੀ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਸੀ। ਪਵਾਰ ਨੇ ਕਿਹਾ ਕਿ ਉਹ ਗੈਰ-ਭਾਜਪਾ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ ਇਕੱਠੇ ਕੰਮ ਕਰਨਾ ਚਾਹੀਦਾ ਹੈ।’