‘ਪੱਕ ਰਹੀਆਂ ਫਸਲਾਂ ਨੂੰ ਵੱਢਣ ਲਈ ਪੰਜਾਬ ਦੇ ਕਿਸਾਨਾਂ ਨੇ ਬਦਲੀ ਰਣਨੀਤੀ’

Friday, Feb 26, 2021 - 12:31 AM (IST)

‘ਪੱਕ ਰਹੀਆਂ ਫਸਲਾਂ ਨੂੰ ਵੱਢਣ ਲਈ ਪੰਜਾਬ ਦੇ ਕਿਸਾਨਾਂ ਨੇ ਬਦਲੀ ਰਣਨੀਤੀ’

ਸੋਨੀਪਤ (ਮਨੀਸ਼) – 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੜਕਾਂ ’ਤੇ ਉੱਤਰੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਸੰਗਠਨ ਦੇ ਨੇਤਾ ਆਪਣੇ ਅੰਦੋਲਨ ਨੂੰ ਕਿਸੇ ਵੀ ਸੂਰਤ ’ਚ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੇ। ਰਬੀ ਸੀਜ਼ਨ ਦੀ ਪੱਕ ਰਹੀ ਫਸਲ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਕਿਸਾਨ ਆਪਣੀ ਰਣਨੀਤੀ ’ਚ ਬਦਲਾਅ ਕਰਨ ਲੱਗੇ ਹਨ। ਕਿਸਾਨ ਹੁਣ ਲੰਬੇ ਸਮੇਂ ਤੱਕ ਨਾ ਬੈਠ ਕੇ ਸਗੋਂ ਇਕ-ਇਕ ਹਫਤੇ ਲਈ ਧਰਨੇ ’ਤੇ ਬੈਠਿਆ ਕਰਨਗੇ। ਆਲਮ ਇਹ ਹੈ ਕਿ ਸਿੰਘੂ ਬਾਰਡਰ ਧਰਨੇ ’ਤੇ ਪਹੁੰਚਣ ਲਈ ਕਾਫੀ ਗਿਣਤੀ ’ਚ ਕਿਸਾਨਾਂ ਦੇ ਜਥੇ ਟ੍ਰੇਨਾਂ ਰਾਹੀਂ ਰੇਲਵੇ ਸਟੇਸ਼ਨ ’ਤੇ ਪਹੁੰਚਣ ਲੱਗੇ ਹਨ।

ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵੀਰਵਾਰ ਨੂੰ ਰੇਲਵੇ ਸਟੇਸ਼ਨ ਸੋਨੀਪਤ ’ਤੇ ਜਥਿਆਂ ’ਚ ਪਹੁੰਚੇ ਪੰਜਾਬ ਦੇ ਬਠਿੰਡਾ ਦੇ ਮਹਿਰਾਜ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਉਹ ਅੰਦੋਲਨ ਨੂੰ ਕਿਸੇ ਵੀ ਸੂਰਤ ’ਚ ਕਮਜ਼ੋਰ ਨਹੀਂ ਹੋਣ ਦੇਣਗੇ। ਇਸ ਲਈ ਉਹ ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ਧਰਨੇ ’ਤੇ ਹੀ ਨਹੀਂ ਸਗੋਂ ਪੰਜਾਬ ’ਚ ਵੀ ਰਣਨੀਤੀ ਬਣਾ ਰਹੇ ਹਨ। ਉਨ੍ਹਾਂ ਨੇ ਮੰਨਿਆ ਕਿ ਕੁਝ ਦਿਨ ਪਹਿਲਾਂ ਲੰਬੇ ਸਮੇਂ ਤੋਂ ਬੈਠੇ ਕਿਸਾਨਾਂ ਨੇ ਘਰ ਜਾਣ ਦੀ ਇੱਛਾ ਜਤਾਈ ਸੀ, ਉਸ ਦੇ ਚੱਲਦਿਆਂ ਹੁਣ ਇਹ ਰਣਨੀਤੀ ਬਣਾਈ ਗਈ ਹੈ। ਇਕ-ਇਕ ਹਫਤਾ ਕਿਸਾਨ ਕੁੰਡਲੀ ਬਾਰਡਰ ’ਤੇ ਧਰਨੇ ’ਤੇ ਬੈਠਣਗੇ। ਇਸ ਲੜੀ ਨਾਲ ਕਿਸਾਨ ਆਪਣੇ ਅੰਦੋਲਨ ਨੂੰ ਸਫਲ ਬਣਾਉਣਗੇ। ਕਿਸਾਨ ਅੰਦੋਲਨ ’ਚ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਸ਼ਾਮਲ ਹਨ। ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ’ਚ ਬੈਠਕ ਕਰਕੇ ਫੈਸਲਾ ਕੀਤਾ ਹੈ ਕਿ ਪੰਜਾਬ ’ਚ ਮਹਾਪੰਚਾਇਤ ਨਹੀਂ ਕੀਤੀ ਜਾਵੇਗੀ ਅਤੇ ਪੂਰੀ ਤਾਕਤ ਕਿਸਾਨ ਅੰਦੋਲਨ ਨੂੰ ਚਲਾਉਣ ’ਚ ਲਗਾਉਣ ਦੀ ਰਣਨੀਤੀ ਬਣਾਈ ਗਈ ਹੈ।

ਕਿਸਾਨ ਬਚਾਓ ਮੋਰਚਾ ਦੇ ਨੇਤਾ ਕ੍ਰਿਪਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਉਹ ਹੁਣ ਰਣਨੀਤੀ ’ਚ ਬਦਲਾਅ ਕਰਕੇ ਕਿਸਾਨ ਅੰਦੋਲਨ ਨੂੰ ਮਜ਼ਬੂਤੀ ਦੇਣਗੇ।

ਆਂਤਿਲ ਖਾਪ ਦੀ ਰਣਨੀਤੀ ਬਣੀ ਸੰਜੀਵਨੀ
ਟ੍ਰੇਨ ਰਾਹੀਂ ਬਠਿੰਡਾ ਤੋਂ ਆਏ ਕਿਸਾਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਆਂਤਿਲ ਚੌਬੀਸੀ ਖਾਪ ਦੇ ਟੈਂਟ ’ਚ ਬੈਠੇ ਸਨ। ਇਸ ਦੌਰਾਨ ਆਂਤਿਲ ਖਾਪ ਨੇ ਰਣਨੀਤੀ ਬਣਾਉਂਦੇ ਹੋਏ ਜ਼ਿੰਮੇਵਾਰੀ ਲਗਾਈ ਸੀ ਕਿ ਰੋਜ਼ਾਨਾ ਆਂਤਿਲ ਖਾਪ ਦੇ ਇਕ ਪਿੰਡ ਦੇ ਲੋਕ ਕੁੰਡਲੀ ਬਾਰਡ ਧਰਨੇ ’ਤੇ ਪਹੁੰਚਣਗੇ। ਇਸੇ ਰਣਨੀਤੀ ਦੇ ਤਹਿਤ ਹੁਣ ਪੰਜਾਬ ਦੇ ਪਿੰਡਾਂ ’ਚ ਮੁਨਾਦੀ ਕਰਵਾ ਕੇ ਪਿੰਡਾਂ ਦੀ ਸੂਚੀ ਦਿੱਤੀ ਗਈ ਹੈ ਕਿ ਇਸ ਦਿਨ ਇਸ-ਇਸ ਪਿੰਡ ਦੇ ਲੋਕ ਸਿੰਘੂ ਬਾਰਡਰ ’ਤੇ ਪਹੁੰਚਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News