ਹੁਣ ਪੰਜਾਬ ਅਤੇ ਰਾਜਸਥਾਨ ਦੇ ਕਿਸਾਨ ਵੀ ਹਰਿਆਣਾ ਦੀਆਂ ਮੰਡੀਆਂ ''ਚ ਵੇਚ ਸਕਣਗੇ ਆਪਣੀ ਜਿਣਸ

Wednesday, Mar 27, 2019 - 12:40 PM (IST)

ਹੁਣ ਪੰਜਾਬ ਅਤੇ ਰਾਜਸਥਾਨ ਦੇ ਕਿਸਾਨ ਵੀ ਹਰਿਆਣਾ ਦੀਆਂ ਮੰਡੀਆਂ ''ਚ ਵੇਚ ਸਕਣਗੇ ਆਪਣੀ ਜਿਣਸ

ਸਿਰਸਾ- ਹਰਿਆਣਾ ਦੀਆਂ ਮੰਡੀਆਂ 'ਚ ਹੁਣ ਪੰਜਾਬ ਤੇ ਰਾਜਸਥਾਨ ਦੇ ਕਿਸਾਨ ਵੀ ਆਪਣੀ ਹਾੜ੍ਹੀ ਦੀ ਫ਼ਸਲ ਵੇਚ ਸਕਣਗੇ। ਜਿਹੜੇ ਕਿਸਾਨ 'ਮੇਰੀ ਫ਼ਸਲ ਮੇਰਾ ਬਿਓਰਾ' ਪੋਰਟਲ ਦੇ ਰਾਹੀਂ ਫ਼ਸਲ ਵੇਚਣਗੇ, ਉਨ੍ਹਾਂ ਨੂੰ ਫ਼ਸਲ ਦਾ ਭੁਗਤਾਨ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਅਤੇ 12 ਫੀਸਦੀ ਤੋਂ ਜ਼ਿਆਦਾ ਨਮੀ ਵਾਲੀ ਜਿਣਸ ਦੀ ਖਰੀਦ ਨਹੀਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਡੀ. ਐਫ. ਐਸ. ਸੀ. ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮੰਡੀਆਂ 'ਚ ਜਿਣਸ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਆਂਢੀ ਸੂਬੇ ਪੰਜਾਬ ਤੇ ਰਾਜਸਥਾਨ ਦੇ ਕਿਸਾਨ ਵੀ ਆਪਣੀ ਜਿਣਸ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਸਕਣਗੇ। ਕਿਸਾਨ ਸਰ੍ਹੋਂ ਦੀ ਜਿਣਸ ਇਕ ਵਾਰ 25 ਕੁਇੰਟਲ ਹੀ ਵੇਚ ਸਕੇਗਾ ਅਤੇ ਇਸ ਵਾਰ ਕਣਕ ਦੀ ਖਰੀਦ ਸਮੇਂ ਬੀ. ਸੀ. ਪੀ. ਏ. ਏਜੰਟ ਨਹੀਂ ਹੋਵੇਗਾ। 

ਡੀ. ਐਫ. ਐਸ. ਸੀ. ਅਸ਼ੋਕ ਬਾਂਸਲ ਨੇ ਦੱਸਿਆ ਹੈ ਕਿ ਇਸ ਵਾਰ ਸਿਰਸਾ ਦੀਆਂ ਮੰਡੀਆਂ 'ਚ 13 ਲੱਖ 50 ਹਜ਼ਾਰ ਮੀਟਿਰਕ ਟਨ ਤੇ ਸਰ੍ਹੋਂ ਕਰੀਬ 9 ਲੱਖ ਕੁਇੰਟਲ ਆਉਣ ਦੀ ਉਮੀਦ ਹੈ।  
ਇਸ ਮੌਕੇ ਸਿਰਸਾ ਦੇ ਐਸ. ਡੀ. ਐਮ. ਵਰਿੰਦਰ ਚੌਧਰੀ, ਏਲਨਾਬਾਦ ਦੇ ਐਸ. ਡੀ. ਐਮ. ਅਮਿਤ ਕੁਮਾਰ, ਡੱਬਵਾਲੀ ਦੇ ਐਸ. ਡੀ. ਐਮ. ਓਮ ਪ੍ਰਕਾਸ਼, ਡੀ. ਆਰ. ਓ. ਰਾਜਿੰਦਰ ਕੁਮਾਰ ਤੇ ਹੈਫਡ ਦੇ ਡੀ. ਐਮ. ਅਜੈ ਕੁਮਾਰ ਆਦਿ ਸਮੇਤ ਕਈ ਅਧਿਕਾਰੀ ਮੌਜੂਦ ਸਨ।

ਗੁਆਂਢੀ ਸੂਬਿਆਂ ਦੇ ਕਿਸਾਨਾਂ ਦੀ ਜਿਣਸ ਦੀ ਹਰਿਆਣਾ ਦੀਆਂ ਮੰਡੀਆਂ 'ਚ ਖਰੀਦ ਕੀਤੇ ਜਾਣ ਬਾਰੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਾਜ ਕੁਮਾਰ ਸ਼ੇਖੂਪੁਰੀਆ ਨੇ ਕਿਹਾ ਹੈ ਕਿ ਕਿਸਾਨਾਂ ਲਈ ਇਹ ਚੰਗੀ ਗੱਲ ਹੈ ਕਿ ਸਾਰੀਆਂ ਮੰਡੀਆਂ 'ਚ ਕਿਸਾਨ ਆਪਣੀ ਜਿਣਸ ਵੇਚ ਸਕਣਗੇ।


author

Iqbalkaur

Content Editor

Related News